ਨਵੀਂ ਦਿੱਲੀ, 26 ਜੁਲਾਈ 2024 – ਅੱਜ (26 ਜੁਲਾਈ ਨੂੰ) ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਦਾਖ ਦੇ ਕਾਰਗਿਲ ਦਾ ਦੌਰਾ ਕਰਨਗੇ। ਉਹ ਦਰਾਸ ਵਿੱਚ ਕਾਰਗਿਲ ਯੁੱਧ ਸਮਾਰਕ ਵਿੱਚ ਆਯੋਜਿਤ ਸਿਲਵਰ ਜੁਬਲੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਇੱਥੇ ਪੀਐਮ ਮੋਦੀ 1999 ਦੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਦੇਣਗੇ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਦੇ ਮੌਕੇ ‘ਤੇ 24 ਤੋਂ 26 ਜੁਲਾਈ ਤੱਕ ਦਰਾਸ ‘ਚ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪੀਐਮ ਮੋਦੀ ਨੇ 2022 ਵਿੱਚ ਕਾਰਗਿਲ ਵਿੱਚ ਸੈਨਿਕਾਂ ਨਾਲ ਦੀਵਾਲੀ ਮਨਾਈ ਸੀ।
26 ਜੁਲਾਈ 1999 ਨੂੰ ਭਾਰਤ ਨੇ ਪਾਕਿਸਤਾਨ ਦੀਆਂ ਫੌਜਾਂ ਨੂੰ ਹਰਾ ਕੇ ਕਾਰਗਿਲ ਯੁੱਧ ਜਿੱਤ ਲਿਆ ਸੀ। ਉਦੋਂ ਤੋਂ ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। 84 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ ਭਾਰਤੀ ਫੌਜ ਦੇ 527 ਜਵਾਨ ਸ਼ਹੀਦ ਹੋਏ, ਜਦੋਂ ਕਿ 1,363 ਜ਼ਖਮੀ ਹੋਏ। ਪਾਕਿਸਤਾਨ ਦੇ 400 ਤੋਂ ਵੱਧ ਸੈਨਿਕ ਮਾਰੇ ਗਏ ਸਨ।
ਪੀਐਮਓ ਦੇ ਅਨੁਸਾਰ, ਪੀਐਮ ਮੋਦੀ ਕਾਰਗਿਲ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ 9:20 ਵਜੇ ਦਰਾਸ ਵਿੱਚ ਕਾਰਗਿਲ ਯੁੱਧ ਸਮਾਰਕ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਸ਼ਿੰਕੁਨ ਲਾ ਟਨਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਹ ਸੁਰੰਗ ਲੇਹ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ। ਮੁਕੰਮਲ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ।
ਵੀਰਵਾਰ ਨੂੰ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਕਾਰਗਿਲ ਵਿਜੇ ਦਿਵਸ ਦੇ ਸਿਲਵਰ ਜੁਬਲੀ ਸਮਾਰੋਹ ‘ਚ ਸ਼ਾਮਲ ਹੋਣ ਲਈ ਕਾਰਗਿਲ ਪਹੁੰਚੇ ਸਨ। ਉਨ੍ਹਾਂ ਦੇ ਨਾਲ ਕਾਰਗਿਲ ਜੰਗ ਦੌਰਾਨ ਥਲ ਸੈਨਾ ਮੁਖੀ ਰਹੇ ਜਨਰਲ ਵੀਪੀ ਮਲਿਕ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਜਨਰਲ ਮਲਿਕ ਨੇ ਦਰਾਸ ਦੇ ਲਾਮੋਚੇਨ ਵਿਊ ਪੁਆਇੰਟ ‘ਤੇ 1999 ਦੀ ਜੰਗ ਦੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਥਲ ਸੈਨਾ ਮੁਖੀ ਨੇ ਚਿਨਾਰ ਕੋਰ ਅਤੇ ਐਲਓਸੀ ‘ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ।