ਨਵੀਂ ਦਿੱਲੀ, 19 ਸਤੰਬਰ 2024 – ਦਿੱਲੀ ਦੇ ਕਰੋਲ ਬਾਗ ਇਲਾਕੇ ਦੇ ਬਾਪਾ ਨਗਰ ‘ਚ ਬੁੱਧਵਾਰ ਸਵੇਰੇ ਕਰੀਬ 9 ਵਜੇ ਇਕ 5 ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ 14 ਲੋਕ ਜ਼ਖਮੀ ਹੋਏ ਹਨ। ਕੁਝ ਲੋਕ ਰਾਮ ਮਨੋਹਰ ਲੋਹੀਆ ਤੇ ਕੁਝ ਦਾ ਲੇਡੀ ਹਾਰਡਿੰਗ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੇ ਡਿੱਗਣ ਦੀ ਸੂਚਨਾ ਬੁੱਧਵਾਰ ਸਵੇਰੇ 9.10 ਵਜੇ ਮਿਲੀ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਇਮਾਰਤ ਤੰਗ ਗਲੀਆਂ ਵਿੱਚ ਹੋਣ ਕਾਰਨ ਵਾਹਨ ਅਤੇ ਭਾਰੀ ਮਸ਼ੀਨਰੀ ਮੌਕੇ ’ਤੇ ਨਹੀਂ ਪਹੁੰਚ ਸਕੀ। ਇਸ ਕਾਰਨ ਬਚਾਅ ਕਾਰਜ ਵਿੱਚ ਦੇਰੀ ਹੋਈ।
ਉਨ੍ਹਾਂ ਅੱਗੇ ਦੱਸਿਆ ਕਿ ਟੀਮ ਨੇ ਹੱਥੀਂ ਮਲਬਾ ਹਟਾਇਆ। ਕਰੀਬ 8 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਇੱਕ ਨੌਜਵਾਨ ਨੂੰ ਜ਼ਿੰਦਾ ਬਚਾਇਆ ਗਿਆ। 3 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਕਰੀਬ 14 ਲੋਕਾਂ ਨੂੰ ਬਚਾਇਆ ਗਿਆ ਹੈ।
ਘਟਨਾ ‘ਤੇ ਡੀਸੀਪੀ ਹਰਸ਼ਵਰਧਨ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਮਾਰਤ ‘ਚ ਕੁਝ ਕਿਰਾਏਦਾਰ ਰਹਿੰਦੇ ਸਨ, ਜੋ ਦਿੱਲੀ ਦੇ ਨਹੀਂ ਹਨ। 5 ਮੰਜ਼ਿਲਾ ਇਮਾਰਤ ਵਿੱਚ ਲੋਕ ਵੀ ਰਹਿੰਦੇ ਸਨ ਅਤੇ ਚੱਪਲ ਬਣਾਉਣ ਦੀ ਫੈਕਟਰੀ ਵੀ ਚੱਲ ਰਹੀ ਸੀ।
ਦਿੱਲੀ ਦੇ ਭਵਿੱਖ ਦੇ ਮੁੱਖ ਮੰਤਰੀ ਆਤਿਸ਼ੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਐਕਸ ਪੋਸਟ ‘ਚ ਲਿਖਿਆ- ਕਰੋਲ ਬਾਗ ਇਲਾਕੇ ‘ਚ ਮਕਾਨ ਡਿੱਗਣ ਦਾ ਇਹ ਹਾਦਸਾ ਬਹੁਤ ਦੁਖਦ ਹੈ। ਮੈਂ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਥੇ ਰਹਿ ਰਹੇ ਲੋਕਾਂ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ। ਜੇਕਰ ਕੋਈ ਜ਼ਖਮੀ ਹੈ ਤਾਂ ਉਸ ਦਾ ਇਲਾਜ ਕਰਵਾਇਆ ਜਾਵੇ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ। ਹਾਦਸੇ ਸਬੰਧੀ ਨਿਗਮ ਦੇ ਮੇਅਰ ਨਾਲ ਵੀ ਗੱਲਬਾਤ ਹੋ ਚੁੱਕੀ ਹੈ।
ਆਤਿਸ਼ੀ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਹੈ। ਉਹ ਰਾਮ ਮਨੋਹਰ ਲੋਹੀਆ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਨੂੰ ਮਿਲੇ।