ਗੁਜਰਾਤ, 28 ਫਰਵਰੀ 2024 – ਗੁਜਰਾਤ ਏਟੀਐਸ, ਨੇਵੀ ਅਤੇ ਕੇਂਦਰੀ ਏਜੰਸੀ ਦੇ ਸਾਂਝੇ ਆਪ੍ਰੇਸ਼ਨ ਦੇ ਤਹਿਤ ਮੰਗਲਵਾਰ ਨੂੰ ਅਰਬ ਸਾਗਰ ਵਿੱਚ ਭਾਰਤੀ ਸਰਹੱਦ ਤੋਂ 3132 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਇਸ ਦੀ ਕੀਮਤ 2 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਟੀਮ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ 5 ਵਿਦੇਸ਼ੀ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ। ਤਸਕਰਾਂ ‘ਤੇ ਈਰਾਨੀ ਜਾਂ ਪਾਕਿਸਤਾਨੀ ਨਾਗਰਿਕ ਹੋਣ ਦਾ ਸ਼ੱਕ ਹੈ।
ਗਿਰ ਸੋਮਨਾਥ ਪੁਲਿਸ ਨੇ ਕੁਝ ਦਿਨ ਪਹਿਲਾਂ ਵੇਰਾਵਲ ਸ਼ਹਿਰ ਦੇ ਘਾਟ ‘ਤੇ 350 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਸਨ। ਉਦੋਂ ਤੋਂ ਦਿੱਲੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਗੁਜਰਾਤ ਏਟੀਐਸ ਅਤੇ ਹੋਰ ਕੇਂਦਰੀ ਏਜੰਸੀਆਂ ਤਸਕਰਾਂ ਨੂੰ ਫੜਨ ਲਈ ਆਪਰੇਸ਼ਨ ਚਲਾ ਰਹੀਆਂ ਸਨ। ਇਸ ਆਪਰੇਸ਼ਨ ਤਹਿਤ ਸਮੁੰਦਰੀ ਸਰਹੱਦ ਤੋਂ ਨਸ਼ੀਲੇ ਪਦਾਰਥਾਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ।
ਇੱਕ ਈਰਾਨੀ ਕਿਸ਼ਤੀ ਵਿੱਚ ਪੰਜ ਵਿਦੇਸ਼ੀ ਪੈਡਲਰ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ‘ਚ ਸਵਾਰ ਸਨ। ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਨੂੰ ਮੰਗਲਵਾਰ ਦੇਰ ਰਾਤ ਪੋਰਬੰਦਰ ਬੀਚ ‘ਤੇ ਲਿਆਂਦਾ। ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ‘ਚ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੇ ਜਾਣ ਦੀ ਸੰਭਾਵਨਾ ਹੈ।
ਪੰਜ ਦਿਨ ਪਹਿਲਾਂ ਵੇਰਾਵਲ ਬੰਦਰਗਾਹ ਤੋਂ ਮੱਛੀ ਫੜਨ ਵਾਲੀ ਕਿਸ਼ਤੀ ਵਿੱਚੋਂ 350 ਕਰੋੜ ਰੁਪਏ ਦੀ ਹੈਰੋਇਨ ਫੜੀ ਗਈ ਸੀ। ਇਸ ਦੇ ਨਾਲ ਹੀ 9 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਫਿਲਹਾਲ ਏਟੀਐਸ, ਗਿਰ ਸੋਮਨਾਥ ਐਸਓਜੀ, ਐਲਸੀਬੀ, ਐਫਐਸਐਲ ਅਤੇ ਮਰੀਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਲਿਖਿਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਸ਼ਾ ਮੁਕਤ ਭਾਰਤ ਮੁਹਿੰਮ ‘ਚ ਇਹ ਵੱਡੀ ਸਫਲਤਾ ਹੈ। NCB, ਨੇਵੀ ਅਤੇ ਗੁਜਰਾਤ ਪੁਲਿਸ ਦੇ ਸਾਂਝੇ ਆਪਰੇਸ਼ਨ ਵਿੱਚ 3132 ਕਿਲੋ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਜ਼ਬਤ ਕੀਤੀ ਗਈ ਹੈ। ਇਹ ਸਫਲਤਾ ਸਾਡੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਦੀ ਅਟੱਲ ਵਚਨਬੱਧਤਾ ਦਾ ਸਬੂਤ ਹੈ।