- ਸਕੂਲ ਤੋਂ ਪਰਤਦੇ ਸਮੇਂ ਭੀੜੀ ਗਲੀ ਵਿੱਚ ਖੰਡਰ ਘਰ ਦੀ ਕੰਧ ਬੱਚਿਆਂ ‘ਤੇ ਡਿੱਗੀ
- ਘਟਨਾ ਮੱਧ ਪ੍ਰਦੇਸ਼ ਦੇ ਰੀਵਾ ਦੀ
ਰੀਵਾ, 4 ਅਗਸਤ 2024 – ਮੱਧ ਪ੍ਰਦੇਸ਼ ਦੇ ਰੀਵਾ ‘ਚ ਸਕੂਲ ਤੋਂ ਘਰ ਪਰਤ ਰਹੇ ਬੱਚਿਆਂ ‘ਤੇ ਅਚਾਨਕ ਇਕ ਖੰਡਰ ਘਰ ਦੀ ਕੰਧ ਡਿੱਗ ਗਈ। ਮਲਬੇ ਹੇਠ ਦੱਬਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ ਅਤੇ ਚਾਰ ਬੱਚੇ ਜ਼ਖਮੀ ਹੋਏ ਹਨ।
ਇਹ ਹਾਦਸਾ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਗੜ੍ਹ ਸ਼ਹਿਰ ‘ਚ ਵਾਪਰਿਆ। ਬੱਚੇ ਸਨਰਾਈਜ਼ ਪਬਲਿਕ ਸਕੂਲ ਵਿੱਚ ਪੜ੍ਹਦੇ ਸਨ। ਮੀਂਹ ਕਾਰਨ ਚੌਥੀ ਜਮਾਤ ਤੱਕ ਦੇ ਬੱਚਿਆਂ ਨੂੰ ਅੱਧਾ ਘੰਟਾ ਪਹਿਲਾਂ ਹੀ ਛੁੱਟੀ ਦੇ ਦਿੱਤੀ ਗਈ। ਸਕੂਲ ਤੋਂ ਕਰੀਬ 20 ਮੀਟਰ ਦੀ ਦੂਰੀ ‘ਤੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੱਚੇ ਘਰ ਜਾ ਰਹੇ ਸਨ। ਮ੍ਰਿਤਕ 3 ਬੱਚੇ ਇੱਕੋ ਪਰਿਵਾਰ ਦੇ ਹਨ ਅਤੇ ਭੈਣ-ਭਰਾ ਹਨ।
ਜ਼ਖਮੀਆਂ ਨੂੰ ਮਲਬੇ ਤੋਂ ਬਾਹਰ ਕੱਢ ਕੇ ਗੰਗੇਵ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਇਕ ਲੜਕੀ ਨੂੰ ਗੰਭੀਰ ਹਾਲਤ ਵਿਚ ਰੀਵਾ ਦੇ ਸੰਜੇ ਗਾਂਧੀ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਕਲੈਕਟਰ ਪ੍ਰਤਿਭਾ ਪਾਲ ਅਤੇ ਐਸਪੀ ਵਿਵੇਕ ਸਿੰਘ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਣਕਾਰੀ ਲਈ।
ਦੇਰ ਸ਼ਾਮ ਪੁਲੀਸ ਨੇ ਖੰਡਰ ਬਣੇ ਮਕਾਨ ਦੇ ਮਾਲਕ ਰਮੇਸ਼ ਨਾਮਦੇਵ ਅਤੇ ਸਤੀਸ਼ ਨਾਮਦੇਵ ਨੂੰ ਗ੍ਰਿਫ਼ਤਾਰ ਕਰ ਲਿਆ। ਐਡੀਸ਼ਨਲ ਐਸਪੀ ਵਿਵੇਕ ਲਾਲ ਨੇ ਦੱਸਿਆ ਕਿ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।