ਨਵੀਂ ਦਿੱਲੀ, 26 ਸਤੰਬਰ 2024 – ਪੈਰਾਸੀਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ ਵਿੱਚ ਫੇਲ੍ਹ ਪਾਈਆਂ ਗਈਆਂ ਹਨ। ਵਿਟਾਮਿਨ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਤੋਂ ਇਲਾਵਾ ਐਂਟੀਬਾਇਓਟਿਕਸ ਵੀ ਇਨ੍ਹਾਂ ‘ਚ ਸ਼ਾਮਲ ਹਨ। ਦੇਸ਼ ਦੀ ਸਭ ਤੋਂ ਵੱਡੀ ਡਰੱਗ ਰੈਗੂਲੇਟਰੀ ਬਾਡੀ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਆਪਣੀ ਸੂਚੀ ਜਾਰੀ ਕੀਤੀ ਹੈ।
CDSCO ਦੀ ਸੂਚੀ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ D3 ਪੂਰਕ, ਐਂਟੀ-ਡਾਇਬੀਟੀਜ਼ ਗੋਲੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਸ਼ਾਮਲ ਹਨ।
ਪਾਬੰਦੀਸ਼ੁਦਾ ਦਵਾਈਆਂ ਦੀ ਸੂਚੀ ਵਿੱਚ ਦੌਰੇ ਅਤੇ ਚਿੰਤਾ ਵਿੱਚ ਵਰਤੀਆਂ ਜਾਣ ਵਾਲੀਆਂ ਕਲੋਨਜ਼ੇਪਮ ਗੋਲੀਆਂ, ਦਰਦ ਨਿਵਾਰਕ ਡਾਈਕਲੋਫੇਨੈਕ, ਸਾਹ ਦੀਆਂ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਐਂਬਰੌਕਸੋਲ, ਫੰਗਲ ਵਿਰੋਧੀ ਫਲੂਕੋਨਾਜ਼ੋਲ ਅਤੇ ਕੁਝ ਮਲਟੀ ਵਿਟਾਮਿਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਸ਼ਾਮਲ ਹਨ।
ਇਹ ਦਵਾਈਆਂ ਵੱਡੀਆਂ ਕੰਪਨੀਆਂ ਜਿਵੇਂ ਹੇਟਰੋ ਡਰੱਗਜ਼, ਅਲਕੇਮ ਲੈਬਾਰਟਰੀਜ਼, ਹਿੰਦੁਸਤਾਨ ਐਂਟੀਬਾਇਓਟਿਕਸ ਲਿਮਿਟੇਡ (ਐਚਏਐਲ), ਕਰਨਾਟਕ ਐਂਟੀਬਾਇਓਟਿਕਸ ਅਤੇ ਫਾਰਮਾਸਿਊਟੀਕਲਜ਼ ਲਿਮਟਿਡ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ।
ਸੀਡੀਐਸਸੀਓ ਨੇ ਪੇਟ ਦੀ ਲਾਗ ਲਈ ਦਿੱਤੀ ਜਾਣ ਵਾਲੀ 48 ਦਵਾਈਆਂ ਦੀ ਸੂਚੀ ਜਾਰੀ ਕੀਤੀ ਹੈ, ਜੋ ਕਿ ਹਿੰਦੁਸਤਾਨ ਐਂਟੀਬਾਇਓਟਿਕਸ ਲਿਮਟਿਡ ਦੁਆਰਾ ਤਿਆਰ ਕੀਤੀ ਗਈ ਹੈ, ਇਸ ਟੈਸਟ ਵਿੱਚ ਵੀ ਫੇਲ੍ਹ ਹੋ ਗਈਆਂ ਹਨ। ਇਸੇ ਤਰ੍ਹਾਂ ਟੋਰੈਂਟ ਫਾਰਮਾਸਿਊਟੀਕਲਜ਼ ਦੀਆਂ ਸ਼ੈਲਕਲ ਗੋਲੀਆਂ ਵੀ ਟੈਸਟ ਵਿੱਚ ਫੇਲ੍ਹ ਹੋਈਆਂ।
ਸੀ.ਡੀ.ਐੱਸ.ਸੀ.ਓ. ਨੇ 53 ਦਵਾਈਆਂ ਦੀ ਗੁਣਵੱਤਾ ਜਾਂਚ ਕੀਤੀ ਸੀ, ਪਰ ਸਿਰਫ 48 ਦਵਾਈਆਂ ਦੀ ਸੂਚੀ ਜਾਰੀ ਕੀਤੀ ਸੀ। ਕਿਉਂਕਿ 53 ‘ਚੋਂ 5 ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਦਵਾਈਆਂ ਨਹੀਂ ਹਨ, ਸਗੋਂ ਉਨ੍ਹਾਂ ਦੇ ਨਾਂ ‘ਤੇ ਬਾਜ਼ਾਰ ‘ਚ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸੂਚੀ ਤੋਂ ਹਟਾ ਦਿੱਤਾ ਗਿਆ।