ਨਵੀਂ ਦਿੱਲੀ, 29 ਜੁਲਾਈ 2025 – ਸੋਮਵਾਰ ਰਾਤ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਰਾਇਟਰਜ਼ ਨੇ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (GFZ) ਦੇ ਹਵਾਲੇ ਨਾਲ ਕਿਹਾ ਕਿ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.2 ਮਾਪੀ ਗਈ। GFZ ਦੇ ਅਨੁਸਾਰ, ਭੂਚਾਲ ਸਮੁੰਦਰ ਦੀ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਦੀ ਡੂੰਘਾਈ ‘ਤੇ ਆਇਆ। ਭੂਚਾਲ ਕਾਫ਼ੀ ਤੇਜ਼ ਸੀ, ਹਾਲਾਂਕਿ ਅਜੇ ਤੱਕ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਅੰਡੇਮਾਨ ਸਾਗਰ ਅਤੇ ਇਸਦੇ ਆਲੇ ਦੁਆਲੇ ਦੇ ਟਾਪੂ ਖੇਤਰ ਭੂਚਾਲ ਦੇ ਪੱਖੋਂ ਬਹੁਤ ਸੰਵੇਦਨਸ਼ੀਲ ਮੰਨੇ ਜਾਂਦੇ ਹਨ, ਜਿੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ ਅਤੇ ਸੁਨਾਮੀ ਦਾ ਖ਼ਤਰਾ ਵੀ ਰਹਿੰਦਾ ਹੈ। ਇਹ ਭੂਚਾਲ ਅਜਿਹੇ ਸਮੇਂ ਆਇਆ ਹੈ ਜਦੋਂ ਲਗਭਗ ਦੋ ਹਫ਼ਤੇ ਪਹਿਲਾਂ, ਦਿੱਲੀ-ਐਨਸੀਆਰ ਵਿੱਚ ਲਗਾਤਾਰ ਦੋ ਦਿਨਾਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਲਗਾਤਾਰ ਭੂਚਾਲ ਦੀਆਂ ਗਤੀਵਿਧੀਆਂ ਨੇ ਮਾਹਿਰਾਂ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਨੂੰ ਸੁਚੇਤ ਕਰ ਦਿੱਤਾ ਹੈ।
ਭੂਚਾਲ ਕਿਉਂ ਆਉਂਦੇ ਹਨ ?
ਧਰਤੀ ਦੀ ਸਤ੍ਹਾ ਕਈ ਵੱਡੇ ਟੁਕੜਿਆਂ (ਟੈਕਟੋਨਿਕ ਪਲੇਟਾਂ) ਵਿੱਚ ਵੰਡੀ ਹੋਈ ਹੈ। ਇਹ ਪਲੇਟਾਂ ਬਹੁਤ ਹੌਲੀ-ਹੌਲੀ ਹਿੱਲਦੀਆਂ ਰਹਿੰਦੀਆਂ ਹਨ। ਜਦੋਂ ਇਹ ਪਲੇਟਾਂ ਇੱਕ ਦੂਜੇ ਨਾਲ ਟਕਰਾਉਂਦੀਆਂ ਹਨ, ਖਿਸਕਦੀਆਂ ਹਨ ਜਾਂ ਦਬਾਅ ਪੈਦਾ ਕਰਦੀਆਂ ਹਨ, ਤਾਂ ਕਿਸੇ ਸਮੇਂ ਉਹ ਦਬਾਅ ਅਚਾਨਕ ਟੁੱਟ ਜਾਂਦਾ ਹੈ ਅਤੇ ਊਰਜਾ ਬਾਹਰ ਨਿੱਕਲਦੀ ਹੈ, ਇਹ ਊਰਜਾ ਧਰਤੀ ਨੂੰ ਹਿਲਾ ਦਿੰਦੀ ਹੈ, ਜਿਸ ਨੂੰ ਭੂਚਾਲ ਕਹਿੰਦੇ ਹਨ।

