ਆਂਧਰਾ ਪ੍ਰਦੇਸ਼, 14 ਅਪ੍ਰੈਲ 2022 – ਆਂਧਰਾ ਪ੍ਰਦੇਸ਼ ਦੇ ਏਲੁਰੂ ਦੇ ਅੱਕੀਰੈੱਡੀਗੁਡੇਮ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕੇ ਲੋਕ 13 ਜ਼ਖਮੀ ਹੋ ਗਏ ਹਨ। ਹਾਦਸਾ ਦੇਰ ਰਾਤ ਗੈਸ ਲੀਕ ਹੋਣ ਕਾਰਨ ਵਾਪਰਿਆ। ਏਲੁਰੂ ਦੇ ਐਸਪੀ ਰਾਹੁਲ ਦੇਵ ਸ਼ਰਮਾ ਅਨੁਸਾਰ ਅੱਗ ਨਾਈਟ੍ਰਿਕ ਐਸਿਡ ਅਤੇ ਮੋਨੋਮਥਾਈਲ ਦੇ ਲੀਕ ਹੋਣ ਕਾਰਨ ਲੱਗੀ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈੱਡੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 25 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 5 ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਇਹ ਘਟਨਾ ਪੋਰਸ ਫੈਕਟਰੀ ਵਿੱਚ ਵਾਪਰੀ। ਇਹ ਮਸੂਨੂਰ ਜ਼ਿਲ੍ਹੇ ਵਿੱਚ ਹੈ। ਜਿੱਥੇ ਯੂਨਿਟ ਨੰਬਰ 4 ਵਿੱਚ ਗੈਸ ਲੀਕ ਹੋ ਕੇ ਪੂਰੀ ਇਮਾਰਤ ਵਿੱਚ ਫੈਲ ਗਈ। ਹਾਦਸੇ ‘ਚ 5 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਇੱਕ ਦੀ ਮੌਤ ਹੋ ਗਈ।
ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਵਿਜੇਵਾੜਾ ਅਤੇ ਨੁਜੀਡੂ ਰੈਫਰ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 4 ਮਜ਼ਦੂਰਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਦੀ ਟੀਮ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਮਰਨ ਵਾਲਿਆਂ ਵਿੱਚ 4 ਮਜ਼ਦੂਰ ਬਿਹਾਰ ਦੇ ਸਨ। ਜਦਕਿ ਬਾਕੀ ਦੋ ਦੀ ਪਛਾਣ ਕ੍ਰਿਸ਼ਨਾ ਕੈਮਿਸਟ ਅਤੇ ਆਪਰੇਟਰ ਕਿਰਨ ਵਜੋਂ ਹੋਈ ਹੈ। ਪੁਲੀਸ ਬਾਕੀ ਬਲਾਕਾਂ ਵਿੱਚ ਮਜ਼ਦੂਰਾਂ ਦੀ ਮੌਜੂਦਗੀ ਦੀ ਵੀ ਜਾਂਚ ਕਰ ਰਹੀ ਹੈ। ਪੋਰਸ ਫੈਕਟਰੀ ਇੱਕ ਫਾਰਮਾ ਫੈਕਟਰੀ ਹੈ, ਜਿੱਥੇ ਨਾਈਟ੍ਰਿਕ ਐਸਿਡ, ਮੋਨੋ ਮਿਥਾਇਲ ਅਤੇ ਸਲਫਿਊਰਿਕ ਐਸਿਡ ਦੀ ਵਰਤੋਂ ਕੀਤੀ ਜਾਂਦੀ ਹੈ।