- ਧੀਰੇਂਦਰ ਸ਼ਾਸਤਰੀ ਦੀ ਕਥਾ ਵਿੱਚ ਸ਼ਾਮਲ ਹੋਣ ਆਇਆ ਸੀ ਪਰਿਵਾਰ
ਪੰਚਕੂਲਾ, 27 ਮਈ 2025 – ਹਰਿਆਣਾ ਦੇ ਪੰਚਕੂਲਾ ਵਿੱਚ ਸੋਮਵਾਰ ਦੇਰ ਰਾਤ ਇੱਕ ਕਰਜ਼ੇ ਹੇਠ ਦੱਬੇ ਪਰਿਵਾਰ ਦੇ ਸੱਤ ਮੈਂਬਰਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਸਾਰੇ ਮੈਂਬਰ ਘਰ ਦੇ ਬਾਹਰ ਖੜੀ ਕਾਰ ‘ਚ ਪਏ ਮਿਲੇ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ‘ਚ ਉਸ ਵੇਲੇ ਇੱਕ ਵਿਅਕਤੀ ਜ਼ਿੰਦਾ ਮਿਲਿਆ। ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਵੀ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇਹ ਪਰਿਵਾਰ ਉੱਤਰਾਖੰਡ ਦੇ ਦੇਹਰਾਦੂਨ ਤੋਂ ਹੈ। ਸੋਮਵਾਰ ਨੂੰ ਉਹ ਬਾਗੇਸ਼ਵਰ ਧਾਮ ਦੇ ਬਾਬਾ ਧੀਰੇਂਦਰ ਸ਼ਾਸਤਰੀ ਦੀ ਕਥਾ ਸੁਣਨ ਲਈ ਪੰਚਕੂਲਾ ਆਏ ਸਨ। ਮ੍ਰਿਤਕਾਂ ਵਿੱਚ ਪ੍ਰਵੀਨ ਮਿੱਤਲ, ਉਸਦੀ ਪਤਨੀ, ਬਜ਼ੁਰਗ ਮਾਪੇ ਅਤੇ 3 ਬੱਚੇ ਸ਼ਾਮਲ ਹਨ।
ਪ੍ਰਵੀਨ ਮਿੱਤਲ ਨੇ ਕੁਝ ਸਮਾਂ ਪਹਿਲਾਂ ਦੇਹਰਾਦੂਨ ਵਿੱਚ ਟੂਰ ਐਂਡ ਟ੍ਰੈਵਲਜ਼ ਕਾਰੋਬਾਰ ਸ਼ੁਰੂ ਕੀਤਾ ਸੀ। ਉੱਥੇ ਉਸਨੂੰ ਘਾਟਾ ਪੈ ਗਿਆ। ਕਾਰ ਵਿੱਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਵਿੱਚ ਲਿਖਿਆ ਹੈ ਕਿ ਮੈਨੂੰ ਬੈਂਕ ਨੇ ਡਿਫਾਲਟਰ ਕਰ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

