- ਪਾਰਟੀ ਨੇ ਹੁਣ ਤੱਕ 28 ਵਿਧਾਇਕਾਂ ਸਮੇਤ 41 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
ਚੰਡੀਗੜ੍ਹ, 9 ਸਤੰਬਰ 2024 – ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਐਤਵਾਰ (8 ਸਤੰਬਰ) ਰਾਤ ਨੂੰ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਪਾਰਟੀ ਨੇ ਤੋਸ਼ਾਮ ਸੀਟ ਤੋਂ ਸਾਬਕਾ ਮੁੱਖ ਮੰਤਰੀ ਬੰਸੀਲਾਲ ਦੇ ਪੋਤੇ ਅਨਿਰੁਧ ਚੌਧਰੀ ਅਤੇ ਉਚਾਨਾ ਕਲਾਂ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ਦੇ ਪੁੱਤਰ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਬ੍ਰਿਜੇਂਦਰ ਸਿੰਘ ਨੂੰ ਟਿਕਟ ਦਿੱਤੀ ਹੈ।
ਵਰਧਨ ਯਾਦਵ ਨੇ ਕਾਂਗਰਸ ਦੀ ਦੂਜੀ ਸੂਚੀ ਵਿੱਚ ਬਾਦਸ਼ਾਹਪੁਰ ਸੀਟ ਤੋਂ ਟਿਕਟ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਰਧਨ ਰਾਹੁਲ ਗਾਂਧੀ ਦੀ ਪਸੰਦ ਹਨ ਅਤੇ ਉਨ੍ਹਾਂ ਨੂੰ ਯੂਥ ਕਾਂਗਰਸ ਦੇ ਕੋਟੇ ਤੋਂ ਟਿਕਟ ਮਿਲੀ ਹੈ। ਕੁਝ ਦਿਨ ਪਹਿਲਾਂ ਪੈਰਿਸ ਓਲੰਪਿਕ ਤੋਂ ਵਾਪਸ ਪਰਤਣ ਤੋਂ ਬਾਅਦ ਨਵੀਂ ਦਿੱਲੀ ਏਅਰਪੋਰਟ ਤੋਂ ਬਲਾਲੀ ਪਿੰਡ ਤੱਕ ਰੋਡ ਸ਼ੋਅ ਦੌਰਾਨ ਪਹਿਲਵਾਨ ਵਿਨੇਸ਼ ਫੋਗਾਟ ਜਿਸ ਮਰਸਡੀਜ਼ ਜੀ-ਵੈਗਨ ਕਾਰ ‘ਚ ਸਵਾਰ ਸੀ, ਉਹ ਇਸੇ ਵਰਧਨ ਯਾਦਵ ਦੀ ਸੀ।
ਦੂਜੀ ਲਿਸਟ ‘ਚ ਵਿੱਚ ਉਚਾਨਾ ਤੋਂ ਵਿਜੇਂਦਰ ਸਿੰਘ, ਥਾਨੇਸਰ ਤੋਂ ਅਸ਼ੋਕ ਅਰੋੜਾ, ਗਨੌਰ ਤੋਂ ਕੁਲਦੀਪ ਸ਼ਰਮਾ, ਮਹਿਮ ਤੋਂ ਬਲਰਾਮ ਡਾਂਗੀ, ਟੋਹਾਣਾ ਤੋਂ ਪਰਮਵੀਰ ਸਿੰਘ, ਨੰਗਲ ਚੌਧਰੀ ਤੋਂ ਮੰਜੂ ਚੌਧਰੀ, ਬਾਦਸ਼ਾਹਪੁਰ ਤੋਂ ਵਰਧਨ ਯਾਦਵ, ਗੁੜਗਾਓਂ ਤੋਂ ਮੋਹਿਤ ਗਰੋਵਰ ਅਤੇ ਤੋਸ਼ਮ ਤੋਂ ਅਨੁਰੁਧ ਚੌਧਰੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਕਾਂਗਰਸ ਨੇ 6 ਸਤੰਬਰ ਦੀ ਰਾਤ ਨੂੰ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਦੋ ਹਿੱਸਿਆਂ ਵਿੱਚ ਆਈ ਉਸ ਸੂਚੀ ਵਿੱਚ 28 ਮੌਜੂਦਾ ਵਿਧਾਇਕਾਂ ਸਮੇਤ ਕੁੱਲ 32 ਟਿਕਟਾਂ ਦਾ ਐਲਾਨ ਕੀਤਾ ਗਿਆ ਸੀ।
ਕਾਂਗਰਸ ਨੇ ਹੁਣ ਤੱਕ 90 ‘ਚੋਂ 41 ਵਿਧਾਨ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲਵਾਨ ਵਿਨੇਸ਼ ਫੋਗਾਟ ਤੋਂ ਇਲਾਵਾ ਇਨ੍ਹਾਂ ਵੱਡੇ ਚਿਹਰਿਆਂ ‘ਚ ਸਾਬਕਾ ਸੀਐੱਮ ਭੂਪੇਂਦਰ ਹੁੱਡਾ, ਸੁਰੇਂਦਰ ਪੰਵਾਰ, ਧਰਮ ਸਿੰਘ ਛਾਊਕੜ, ਰਾਓ ਦਾਨ ਸਿੰਘ ਅਤੇ ਨੂਹ ਹਿੰਸਾ ਦੇ ਦੋਸ਼ੀ ਵਿਧਾਇਕ ਮਮਨ ਖਾਨ ਦੇ ਨਾਂ ਸ਼ਾਮਲ ਹਨ, ਜੋ ਈਡੀ ਮਾਮਲੇ ‘ਚ ਫਸੇ ਹੋਏ ਹਨ। 49 ਸੀਟਾਂ ‘ਤੇ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ‘ਤੇ 5 ਅਕਤੂਬਰ ਨੂੰ ਵੋਟਿੰਗ ਹੋਵੇਗੀ। 8 ਅਕਤੂਬਰ ਨੂੰ ਗਿਣਤੀ ਹੋਵੇਗੀ।