ਮੁੰਬਈ, 19 ਜਨਵਰੀ 2023 – ਮਹਾਰਾਸ਼ਟਰ ‘ਚ ਮੁੰਬਈ-ਗੋਆ ਹਾਈਵੇ ‘ਤੇ ਇਕ ਭਿਆਨਕ ਸੜਕ ਹਾਦਸਾ ਹੋਇਆ। ਜਿਸ ‘ਚ ਕਾਰ ਅਤੇ ਟਰੱਕ ਦੀ ਬੜੀ ਹੀ ਭਿਆਨਕ ਅਤੇ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਇਹ ਘਟਨਾ ਰਾਏਗੜ੍ਹ ਦੇ ਮਾਨਗਾਂਵ ਦੇ ਰੇਪੋਲੀ ‘ਚ ਵਾਪਰੀ।
ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਟਰੱਕ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੁੰਦੇ ਹੀ ਕਾਰ ਪੂਰੀ ਤਰ੍ਹਾਂ ਪਲਟ ਗਈ ਅਤੇ ਨੁਕਸਾਨੀ ਗਈ ਅਤੇ ਕਾਰ ‘ਚ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਸਵੇਰੇ 4.45 ਵਜੇ ਰਾਏਗੜ੍ਹ ਜ਼ਿਲੇ ‘ਚ ਮੁੰਬਈ-ਗੋਆ ਹਾਈਵੇਅ ‘ਤੇ ਵਾਪਰੀ। ਇਕ ਤੇਜ਼ ਰਫਤਾਰ ਟਰੱਕ ਦੀ ਵੈਨ ਨਾਲ ਟੱਕਰ ਹੋਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੱਚਾ ਜ਼ਖਮੀ ਦੱਸਿਆ ਜਾ ਰਿਹਾ ਹੈ।
ਇਹ ਹਾਦਸਾ ਮੁੰਬਈ ਤੋਂ 130 ਕਿਲੋਮੀਟਰ ਦੂਰ ਰਾਏਗੜ੍ਹ ਦੇ ਰੇਪੋਲੀ ਪਿੰਡ ਵਿੱਚ ਸਵੇਰੇ ਵਾਪਰਿਆ। ਪੁਲਿਸ ਸੁਪਰਡੈਂਟ ਸੋਮਨਾਥ ਘੜਗੇ ਨੇ ਦੱਸਿਆ ਕਿ ਪੀੜਤਾਂ ਦੇ ਸਾਰੇ ਰਿਸ਼ਤੇਦਾਰ ਵੈਨ ਵਿੱਚ ਰਤਨਾਗਿਰੀ ਜ਼ਿਲ੍ਹੇ ਦੇ ਗੁਹਾਗਰ ਜਾ ਰਹੇ ਸਨ। ਟਰੱਕ ਮੁੰਬਈ ਵੱਲ ਜਾ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ ਬੱਚੀ, ਤਿੰਨ ਔਰਤਾਂ ਅਤੇ ਪੰਜ ਪੁਰਸ਼ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।
ਅਧਿਕਾਰੀ ਨੇ ਦੱਸਿਆ ਕਿ ਹਾਦਸੇ ‘ਚ ਜ਼ਖਮੀ ਹੋਈ ਚਾਰ ਸਾਲ ਦੀ ਬੱਚੀ ਨੂੰ ਮਾਂਗਾਂਵ ਦੇ ਹਸਪਤਾਲ ‘ਚ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।