ਮਹਾਰਾਸ਼ਟਰ, 26 ਮਾਰਚ 2024 – ਮਹਾਰਾਸ਼ਟਰ ਦੇ ਠਾਣੇ ‘ਚ ਗੁਆਂਢੀਆਂ ਵੱਲੋਂ 9 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਤਾਂ ਮੁਲਜ਼ਮ ਨੇ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਫੇਰ ਫੜੇ ਜਾਣ ਦੇ ਡਰ ਤੋਂ ਬੱਚੇ ਦਾ ਕਤਲ ਕਰਕੇ ਲਾਸ਼ ਨੂੰ ਆਪਣੇ ਹੀ ਘਰ ਦੇ ਪਿੱਛੇ ਦੱਬ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਨੂੰ ਘਰ ਬਣਾਉਣ ਲਈ ਪੈਸੇ ਚਾਹੀਦੇ ਸੀ ਅਤੇ ਜੀਅ ਤੋਂ ਬਾਅਦ ਉਸ ਨੇ ਆਪਣੇ ਹੀ ਇਲਾਕੇ ਦੇ ਰਹਿਣ ਵਾਲੇ ਇੱਕ ਵਪਾਰੀ ਦੇ 9 ਸਾਲ ਦੇ ਲੜਕੇ ਨੂੰ ਅਗਵਾ ਕਰ ਲਿਆ ਅਤੇ ਉਸ ਤੋਂ 23 ਲੱਖ ਰੁਪਏ ਦੀ ਫਿਰੌਤੀ ਦੀ ਮੰਗੀ ਸੀ। ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਦੋਸ਼ੀ ਸਲਮਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਦਲਾਪੁਰ ਦੇ ਗੋਰੇਗਾਂਵ ‘ਚ ਸ਼ਾਮ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਜਿਵੇਂ ਹੀ 9 ਸਾਲਾ ਇਬਾਦ ਮਸਜਿਦ ਤੋਂ ਬਾਹਰ ਆਇਆ ਤਾਂ ਉਸ ਨੂੰ ਮੁਲਜ਼ਮ ਨੇ ਅਗਵਾ ਕਰ ਲਿਆ ਗਿਆ। ਜਦੋਂ ਇਬਾਦ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਬੱਚੇ ਦੇ ਪਿਤਾ ਮੁਦੱਸਿਰ ਨੂੰ ਅਗਵਾਕਾਰ ਦਾ ਫੋਨ ਆਇਆ। ਉਸ ਨੇ ਕਿਹਾ ਕਿ ਜੇਕਰ ਤੁਸੀਂ ਆਪਣਾ ਪੁੱਤਰ ਜ਼ਿੰਦਾ ਚਾਹੁੰਦੇ ਹੋ ਤਾਂ ਬਦਲੇ ‘ਚ 23 ਲੱਖ ਰੁਪਏ ਦੇ ਦਿਓ। ਇਸ ਤੋਂ ਬਾਅਦ ਕਾਲ ਕਰਨ ਵਾਲੇ ਦਾ ਫੋਨ ਸਵਿੱਚ ਆਫ ਹੋ ਗਿਆ ਸੀ। ਅਗਵਾਕਾਰ ਨੇ ਫਿਰ ਆਪਣੇ ਮੋਬਾਈਲ ਵਿੱਚ ਇੱਕ ਹੋਰ ਸਿਮ ਕਾਰਡ ਪਾ ਦਿੱਤਾ ਅਤੇ ਕਾਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਪੁਲੀਸ ਨੂੰ ਮੁਲਜ਼ਮਾਂ ਦੇ ਟਿਕਾਣੇ ਦਾ ਪਤਾ ਲੱਗਾ।
ਪੁਲੀਸ ਨੇ ਇਸੇ ਪਿੰਡ ਦੇ ਰਹਿਣ ਵਾਲੇ ਸਲਮਾਨ ਮੌਲਵੀ ਨਾਂ ਦੇ ਨੌਜਵਾਨ ਦੇ ਘਰ ਦੀ ਤਲਾਸ਼ੀ ਲਈ। ਇਸ ਦੌਰਾਨ ਬੱਚੇ ਦੀ ਲਾਸ਼ ਘਰ ਦੇ ਪਿੱਛੇ ਦੱਬੀ ਹੋਈ ਮਿਲੀ। ਇਸ ਮਾਮਲੇ ‘ਚ ਪੁਲਸ ਨੇ ਸਲਮਾਨ, ਸਫੂਯਾਨ ਸਮੇਤ 5 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਸਾਰਿਆਂ ਤੋਂ ਪੁੱਛਗਿੱਛ ਜਾਰੀ ਹੈ। ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਸਲਮਾਨ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਹੈ।