ਨਵੀਂ ਦਿੱਲੀ, 22 ਫਰਵਰੀ 2023 – ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਦਿੱਲੀ ਦੀ ਨਵੀਂ ਮੇਅਰ ਚੁਣੀ ਗਈ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ ਹਰਾਇਆ ਹੈ। ਚੌਥੀ ਵਾਰ ਮੇਅਰ ਦੀ ਚੋਣ ਲਈ ਸੱਦੇ ਗਏ ਸਦਨ ਵਿੱਚ ਅੱਜ ਸ਼ਾਂਤੀਪੂਰਵਕ ਢੰਗ ਨਾਲ ਵੋਟਿੰਗ ਹੋਈ। ਇਸ ਦੌਰਾਨ ਨਾ ਕੋਈ ਰੋਸ ਅਤੇ ਨਾ ਹੀ ਕੋਈ ਨਾਅਰੇਬਾਜ਼ੀ ਕੀਤੀ ਗਈ। ਵੋਟਿੰਗ ਸਵੇਰੇ 11.30 ਵਜੇ ਸ਼ੁਰੂ ਹੋਈ ਅਤੇ 2 ਘੰਟੇ ਤੋਂ ਵੱਧ ਸਮਾਂ ਚੱਲੀ। ਦਿੱਲੀ ਦੇ ਕੁੱਲ 10 ਨਾਮਜ਼ਦ ਸੰਸਦ ਮੈਂਬਰਾਂ, 14 ਨਾਮਜ਼ਦ ਵਿਧਾਇਕਾਂ ਅਤੇ ਦਿੱਲੀ ਦੇ 250 ਚੁਣੇ ਹੋਏ ਕੌਂਸਲਰਾਂ ਵਿੱਚੋਂ 241 ਨੇ ਮੇਅਰ ਦੀ ਚੋਣ ਵਿੱਚ ਵੋਟ ਪਾਈ। ਕਾਂਗਰਸ ਦੇ 9 ਚੁਣੇ ਹੋਏ ਕੌਂਸਲਰਾਂ ਨੇ ਮੇਅਰ ਦੀ ਚੋਣ ਦਾ ਬਾਈਕਾਟ ਕੀਤਾ ਹੈ।
