- 11 ਗੰਭੀਰ ਜ਼ਖਮੀ
ਯੂਪੀ, 9 ਜੁਲਾਈ 2024 – ਅਮੇਠੀ ‘ਚ ਪੂਰਵਾਂਚਲ ਐਕਸਪ੍ਰੈੱਸ ਵੇਅ ‘ਤੇ ਇਕ ਭਿਆਨਕ ਹਾਦਸਾ ਵਾਪਰਿਆ। 60 ਲੋਕਾਂ ਨਾਲ ਭਰੀ ਪ੍ਰਾਈਵੇਟ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। 11 ਜ਼ਖਮੀ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਇਹ ਹਾਦਸਾ ਸੋਮਵਾਰ ਰਾਤ ਕਰੀਬ 2 ਵਜੇ ਸ਼ੁਕਲਾ ਬਾਜ਼ਾਰ ਥਾਣੇ ਨੇੜੇ ਵਾਪਰਿਆ।
ਬੱਸ ਦਿੱਲੀ ਤੋਂ ਬਿਹਾਰ ਦੇ ਸੀਵਾਨ ਜਾ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੀਓ ਅਤੁਲ ਸਿੰਘ ਨੇ ਦੱਸਿਆ- ਹਾਦਸਾ ਰਾਤ 2.30 ਵਜੇ ਵਾਪਰਿਆ। 4 ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ।
11 ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ ਹੈ। ਹਾਦਸੇ ਤੋਂ ਬਾਅਦ ਐਕਸਪ੍ਰੈਸ ਵੇਅ ‘ਤੇ ਭਾਰੀ ਜਾਮ ਲੱਗ ਗਿਆ। ਰਾਤ ਨੂੰ ਕਰੇਨ ਬੁਲਾ ਕੇ ਬੱਸ ਨੂੰ ਸੜਕ ਤੋਂ ਹਟਾਇਆ ਗਿਆ।
ਪੁਲਿਸ ਮੁਤਾਬਕ ਬੱਸ ਐਕਸਪ੍ਰੈਸ ਵੇਅ ਦੇ ਮੀਲਸਟੋਨ 68.8 ਨੇੜੇ ਖੜ੍ਹੀ ਸੀ। ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਇਕ ਪਾਸੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ ਬੱਸ ਦਾ ਇੱਕ ਪਾਸਾ ਵੱਖ ਹੋ ਗਿਆ। ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਸੀਸੀਟੀਵੀ ਕੈਮਰੇ ਰਾਹੀਂ ਟਰੱਕ ਨੂੰ ਟਰੇਸ ਕਰ ਰਹੀ ਹੈ। ਫਿਲਹਾਲ ਟਰੱਕ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ।
ਹਾਦਸੇ ‘ਚ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਦੱਸਿਆ ਕਿ ਗੰਭੀਰ ਰੂਪ ‘ਚ ਜ਼ਖਮੀ ਹੋਏ ਦੋ ਵਿਅਕਤੀਆਂ ‘ਚ ਅਮਰੇਸ਼ (26) ਪੁੱਤਰ ਪਰਸ਼ੂਰਾਮ ਅਤੇ ਅਖਿਲੇਸ਼ ਕੁਮਾਰ (36) ਪੁੱਤਰ ਛੋਟੇਲਾਲ ਵਾਸੀ ਕੇਰਵਾ, ਸੀਵਾਨ ਸ਼ਾਮਲ ਹਨ। ਦੋਵਾਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਾਮੂਲੀ ਜ਼ਖਮੀ ਯਾਤਰੀਆਂ ਨੂੰ ਇਕ ਹੋਰ ਬੱਸ ਰਾਹੀਂ ਸੀਵਾਨ ਭੇਜ ਦਿੱਤਾ ਗਿਆ ਹੈ।
ਸੀਐਮ ਯੋਗੀ ਆਦਿਤਿਆਨਾਥ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਅਮੇਠੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਚਾਅ ਕਾਰਜ ਕਰਨ ਅਤੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।