ਚੰਡੀਗੜ੍ਹ, 24 ਸਤੰਬਰ 2025 – ਭਾਰਤੀ ਹਵਾਈ ਫ਼ੌਜ ਵਲੋਂ ਮਿਗ-21 ਲੜਾਕੂ ਜਹਾਜ਼ ਨੂੰ ਰਿਟਾਇਰ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਵਾਈ ਫ਼ੌਜ ਮਿਗ-21 ਲੜਾਕੂ ਜਹਾਜ਼ ਦੇ ਆਖ਼ਰੀ ਬੈਚ ਲਈ ਚੰਡੀਗੜ੍ਹ ਹਵਾਈ ਸੈਨਾ ਸਟੇਸ਼ਨ ਵਿਖੇ ਇਕ ਸ਼ਾਨਦਾਰ ਸਮਾਰੋਹ ਕਰਨ ਜਾ ਰਹੀ ਹੈ, ਜਿਸ ਦੀ ਰਿਹਰਸਲ ਅੱਜ ਚੰਡੀਗੜ੍ਹ ਵਿਖੇ ਹੋ ਰਹੀ ਹੈ। ਇਹ ਜਹਾਜ਼ 26 ਸਤੰਬਰ ਨੂੰ ਸੇਵਾਮੁਕਤ ਹੋ ਰਿਹਾ ਹੈ। 6 ਦਹਾਕਿਆਂ ਤੱਕ ਦੇਸ਼ ਦੀ ਹਵਾਈ ਸ਼ਕਤੀ ਨੂੰ ਮਜ਼ਬੂਤ ਕਰਨ ਵਾਲਾ ਮਿਗ-21 ਭਾਰਤ ਦਾ ਪਹਿਲਾ ਸੁਪਰਸੋਨਿਕ ਜੈੱਟ ਹੈ।
ਇਸ ਜਹਾਜ਼ ਨੂੰ ਇਸ ਦੀ ਬੇਮਿਸਾਲ ਸੇਵਾ ਲਈ ਯਾਦ ਕੀਤਾ ਜਾਵੇਗਾ। ਇਹ ਆਵਾਜ਼ ਦੀ ਗਤੀ ਤੋਂ ਵੀ ਤੇਜ਼ ਉੱਡ ਸਕਦਾ ਹੈ। ਦੱਸਣਯੋਗ ਹੈ ਕਿ ਮਿਗ-21 ਨੂੰ 1963 ‘ਚ ਹਵਾਈ ਫ਼ੌਜ ‘ਚ ਸ਼ਾਮਲ ਕੀਤਾ ਗਿਆ ਸੀ। ਇਸ ਜਹਾਜ਼ ਨੇ 1965, 1971, 1999 ਦੀ ਕਾਰਗਿਲ ਜੰਗ, 2019 ਦੀ ਬਾਲਾਕੋਟ ਸਟ੍ਰਾਈਕ ਅਤੇ 2025 ‘ਚ ਆਪਰੇਸ਼ਨ ਸਿੰਦੂਰ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਹੁਣ ਸਮੇਂ ਦੇ ਨਾਲ-ਨਾਲ ਮਿਗ-21 ਪੁਰਾਣਾ ਹੋ ਗਿਆ। ਇਸ ਜਹਾਜ਼ ਦੀ ਸੇਵਾਮੁਕਤੀ ਬਹੁਤ ਹੀ ਭਾਵਨਾਤਮਕ ਪਲ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਹਵਾਈ ਫ਼ੌਜ ਦੇ ਸਾਰੇ ਸੀਨੀਅਰ ਅਧਿਕਾਰੀ ਚੰਡੀਗੜ੍ਹ ‘ਚ ਹੋਣ ਵਾਲੇ ਵਿਦਾਇਗੀ ਸਮਾਰੋਹ ‘ਚ ਹਿੱਸਾ ਲੈਣਗੇ।

