ਨਵੀਂ ਦਿੱਲੀ, 11 ਫਰਵਰੀ 2022 – ਜੇਬੀਟੀ (ਜੂਨੀਅਰ ਬੇਸਿਕ ਟਰੇਨਿੰਗ) ਅਧਿਆਪਕ ਭਰਤੀ ਘੁਟਾਲੇ ਵਿੱਚ 10 ਸਾਲਾਂ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹਰਿਆਣਾ ਦੇ ਸਾਬਕਾ ਸੰਸਦ ਅਤੇ ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਅਜੈ ਚੌਟਾਲਾ ਜੇਲ੍ਹ ‘ਚੋਂ ਰਿਹਾਅ ਹੋ ਗਏ ਹਨ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਚੌਟਾਲਾ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਇਸ ਲਈ ਉਸ ਨੂੰ ਵੀਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਅਧਿਆਪਕ ਭਰਤੀ ਘੋਟਾਲਾ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚੌਟਾਲਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਹ 16 ਜਨਵਰੀ 2013 ਨੂੰ ਜੇਲ੍ਹ ਚਲਾ ਗਿਆ। ਆਪਣੀ ਕੈਦ ਦੌਰਾਨ ਉਸ ਨੇ 2 ਸਾਲ 7 ਮਹੀਨੇ 24 ਦਿਨ ਦੀ ਪੈਰੋਲ ਲਈ ਸੀ। ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ 14 ਮਈ 2021 ਤੋਂ ਐਮਰਜੈਂਸੀ ਪੈਰੋਲ ‘ਤੇ ਬਾਹਰ ਆਇਆ ਸੀ। ਉਸ ਨੇ ਵੀਰਵਾਰ ਨੂੰ ਤਿਹਾੜ ਜੇਲ ‘ਚ ਇਸ ਦੀ ਜਾਣਕਾਰੀ ਦਿੱਤੀ ਅਤੇ ਜੁਰਮਾਨੇ ਦੀ ਰਕਮ ਜਮ੍ਹਾ ਕਰਵਾਈ। ਇਸ ਤੋਂ ਬਾਅਦ ਉਸ ਨੂੰ ਰਸਮੀ ਤੌਰ ‘ਤੇ ਰਿਹਾਅ ਕਰ ਦਿੱਤਾ ਗਿਆ।
ਅਧਿਆਪਕ ਭਰਤੀ ਘੋਟਾਲਾ ਮਾਮਲੇ ‘ਚ ਸਾਲ 2000 ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਵੱਡੇ ਪੁੱਤਰ ਅਜੈ ਚੌਟਾਲਾ ਅਤੇ ਆਈਏਐਸ ਅਧਿਕਾਰੀ ਸੰਜੀਵ ਕੁਮਾਰ ਸਮੇਤ 53 ਹੋਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ 3 ਹਜ਼ਾਰ 206 ਜੂਨੀਅਰ ਬੇਸਿਕ ਅਧਿਆਪਕਾਂ ਦੀ ਗੈਰ-ਕਾਨੂੰਨੀ ਭਰਤੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਸੀਬੀਆਈ ਅਦਾਲਤ ਨੇ ਵੱਖ-ਵੱਖ ਜੇਲ੍ਹਾਂ ਦੀ ਸਜ਼ਾ ਸੁਣਾਈ ਸੀ। ਓਮ ਪ੍ਰਕਾਸ਼ ਚੌਟਾਲਾ ਪਿਛਲੇ ਸਾਲ ਹੀ ਤਿਹਾੜ ਜੇਲ੍ਹ ਤੋਂ ਰਿਹਾਅ ਹੋਏ ਸਨ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ 23 ਜੂਨ 2021 ਨੂੰ ਰਿਹਾਅ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਮੁਖੀ ਓਪੀ ਚੌਟਾਲਾ ਨੇ ਵੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿੱਚ ਓਪੀ ਚੌਟਾਲਾ ਨੇ ਕਿਹਾ ਸੀ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਦਰਅਸਲ, ਇਹ ਭੰਬਲਭੂਸਾ ਵਿਸ਼ੇਸ਼ ਛੋਟ ਨੂੰ ਲੈ ਕੇ ਸੀ। ਚੌਟਾਲਾ ਦੇ ਵਕੀਲ ਅਮਿਤ ਸਾਹਨੀ ਦੀ ਤਰਫੋਂ ਕਿਹਾ ਗਿਆ ਕਿ ਅਜਿਹੇ ਕੈਦੀਆਂ ਨੂੰ ਦਿੱਲੀ ਸਰਕਾਰ ਵੱਲੋਂ 6 ਮਹੀਨੇ ਦੀ ਵਿਸ਼ੇਸ਼ ਛੋਟ ਮਿਲਦੀ ਹੈ, ਜਿਨ੍ਹਾਂ ਨੂੰ 10 ਸਾਲ ਦੀ ਸਜ਼ਾ ਹੋਈ ਹੈ ਅਤੇ ਉਹ ਉਸ ਵਿੱਚੋਂ 9 ਸਾਲ 6 ਮਹੀਨੇ ਦੀ ਹਿਰਾਸਤ ਪੂਰੀ ਕਰ ਚੁੱਕੇ ਹਨ।