- ਓਡੀਸ਼ਾ ਦੀ ਨਵੀਂ ਭਾਜਪਾ ਸਰਕਾਰ ਨੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਲਿਆ ਫੈਸਲਾ
- 500 ਕਰੋੜ ਰੁਪਏ ਦਾ ਟਰੱਸਟ ਫੰਡ ਵੀ ਬਣਾਇਆ ਜਾਵੇਗਾ
ਓਡੀਸ਼ਾ, 13 ਜੂਨ 2024 – ਓਡੀਸ਼ਾ ਦੇ ਨਵੇਂ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਕੈਬਨਿਟ ਮੀਟਿੰਗ ਕੀਤੀ, ਜਿਸ ‘ਚ ਫੈਸਲਾ ਲਿਆ ਗਿਆ ਕਿ ਜਗਨਨਾਥ ਪੁਰੀ ਮੰਦਰ ਦੇ ਚਾਰੇ ਗੇਟ ਵੀਰਵਾਰ (13 ਜੂਨ) ਦੀ ਸਵੇਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਹੀ 12ਵੀਂ ਸਦੀ ਦੇ ਮੰਦਰ ਦੀ ਸਾਂਭ-ਸੰਭਾਲ ਲਈ 500 ਕਰੋੜ ਰੁਪਏ ਦਾ ਫੰਡ ਤਿਆਰ ਕੀਤਾ ਜਾਵੇਗਾ।
ਮਾਂਝੀ ਨੇ ਕਿਹਾ ਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੁਰੀ ਜਗਨਨਾਥ ਮੰਦਰ ਦੇ ਚਾਰੇ ਦਰਵਾਜ਼ੇ ਸਾਰੇ ਮੰਤਰੀਆਂ ਦੀ ਮੌਜੂਦਗੀ ਵਿੱਚ ਖੋਲ੍ਹੇ ਜਾਣਗੇ। ਸ਼ਰਧਾਲੂਆਂ ਨੂੰ ਚਾਰੋਂ ਗੇਟਾਂ ਤੋਂ ਹੀ ਪ੍ਰਵੇਸ਼ ਮਿਲੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਮੰਦਰ ਦੇ ਚਾਰੇ ਦਰਵਾਜ਼ੇ ਖੋਲ੍ਹਣ ਦਾ ਵਾਅਦਾ ਕੀਤਾ ਸੀ। ਗੇਟ ਬੰਦ ਹੋਣ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸਰਕਾਰ ਨੇ ਕੋਰੋਨਾ ਦੇ ਸਮੇਂ ਤੋਂ ਹੀ ਮੰਦਰ ਦੇ ਚਾਰੇ ਗੇਟ ਬੰਦ ਰੱਖੇ ਹੋਏ ਸਨ। ਸ਼ਰਧਾਲੂਆਂ ਨੂੰ ਸਿਰਫ਼ ਇੱਕ ਗੇਟ ਰਾਹੀਂ ਮੰਦਰ ਵਿੱਚ ਦਾਖ਼ਲ ਹੋਣ ਦਿੱਤਾ ਗਿਆ ਸੀ। ਚਾਰੇ ਗੇਟਾਂ ਨੂੰ ਖੋਲ੍ਹਣ ਦੀ ਮੰਗ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਮੋਹਨ ਮਾਂਝੀ ਨੇ ਕਿਹਾ ਕਿ ਸਾਰੇ ਮੰਤਰੀ ਬੁੱਧਵਾਰ ਰਾਤ ਹੀ ਪੁਰੀ ਲਈ ਰਵਾਨਾ ਹੋ ਗਏ ਹਨ, ਤਾਂ ਜੋ ਉਹ ਰਾਤ ਨੂੰ ਉੱਥੇ ਰੁਕ ਸਕਣ ਅਤੇ ਸਵੇਰੇ ਗੇਟ ਖੋਲ੍ਹਣ ਦੇ ਸਮੇਂ ਮੌਜੂਦ ਰਹਿਣ।