ਹੈਦਰਾਬਾਦ, 24 ਅਗਸਤ 2022 – ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਨੂੰ ਮੰਗਲਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਰਾਤ ਤੱਕ ਉਸ ਨੂੰ ਜ਼ਮਾਨਤ ਮਿਲ ਗਈ। ਇਸ ਦੇ ਵਿਰੋਧ ‘ਚ ਹੈਦਰਾਬਾਦ ‘ਚ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੇ ਰਾਤ ਭਰ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਵਿਚ ਇਕ ਸਬ-ਇੰਸਪੈਕਟਰ ਸਮੇਤ ਚਾਰ ਲੋਕ ਜ਼ਖਮੀ ਹੋ ਗਏ।
ਵੱਡੀ ਗਿਣਤੀ ‘ਚ ਮੁਸਲਿਮ ਨੌਜਵਾਨਾਂ ਨੇ ਗੋਸ਼ਾਮਹਿਲ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਨੂੰ ਰਸਤੇ ‘ਚ ਹੀ ਰੋਕ ਦਿੱਤਾ। ਅੰਬਰਪੇਟ, ਤੱਲਾਬਕੱਟਾ, ਮੋਗਲਪੁਰਾ, ਖਿਲਵਾਤ, ਬਹਾਦੁਰਪੁਰਾ ਅਤੇ ਚੰਚਲਗੁੜਾ ਤੋਂ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਆਈਆਂ ਹਨ।
ਪੈਗੰਬਰ ‘ਤੇ ਕੀਤੀ ਵਿਵਾਦਿਤ ਟਿੱਪਣੀ ਤੋਂ ਬਾਅਦ ਭਾਜਪਾ ਨੇ ਟੀ ਰਾਜਾ ਸਿੰਘ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਉਸ ਖ਼ਿਲਾਫ਼ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਪਹਿਲਾਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ ਪਰ ਬਾਅਦ ਵਿੱਚ ਅਦਾਲਤ ਨੇ ਰਿਮਾਂਡ ਦਾ ਹੁਕਮ ਵਾਪਸ ਲੈਂਦਿਆਂ ਉਸ ਨੂੰ ਜ਼ਮਾਨਤ ਦੇ ਦਿੱਤੀ। ਟੀ ਰਾਜਾ ਨੇ ਮੰਗਲਵਾਰ ਨੂੰ ਪੈਗੰਬਰ ਮੁਹੰਮਦ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਇਸ ਨੂੰ ਮਜ਼ਾਕ ਕਰਾਰ ਦਿੱਤਾ। ਇਸ ਬਿਆਨ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਉਸ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਟੀ ਰਾਜਾ ਦੇ ਬਿਆਨ ਦੇ ਖਿਲਾਫ ਸੋਮਵਾਰ ਰਾਤ ਤੋਂ ਹੈਦਰਾਬਾਦ ‘ਚ ਪ੍ਰਦਰਸ਼ਨ ਚੱਲ ਰਿਹਾ ਹੈ। ਗੁੱਸੇ ਵਿੱਚ ਆਈ ਭੀੜ ਨੇ ‘ਗੁਸਤਾਖ ਨਬੀ ਕੀ ਏਕ ਹੀ ਸਜ਼ਾ, ਸਿਰ ਤਨ ਸੇ ਜੁਦਾ’ ਦੇ ਨਾਅਰੇ ਲਾਉਂਦਿਆਂ ਗੋਸ਼ਾਮਹਿਲ ਤੋਂ ਵਿਧਾਇਕ ਟੀ ਰਾਜਾ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ। ਪ੍ਰਦਰਸ਼ਨਕਾਰੀਆਂ ਨੇ ਟੀ ਰਾਜਾ ਦੇ ਬਿਆਨ ਦੀ ਤੁਲਨਾ ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦੇ ਬਿਆਨ ਨਾਲ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦਬੀਰਪੁਰਾ ਥਾਣੇ ਵਿੱਚ ਟੀ ਰਾਜਾ ਸਿੰਘ ਖ਼ਿਲਾਫ਼ ਆਈਪੀਸੀ ਦੀਆਂ 295 (ਏ), 153 (ਏ) ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਦਫ਼ਤਰ, ਪੁਲਿਸ ਡਾਇਰੈਕਟਰ ਜਨਰਲ ਦਫ਼ਤਰ ਅਤੇ ਪੁਰਾਣੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਰਾਜਾ ਸਿੰਘ ਦੇ ਕਥਿਤ ਬਿਆਨ ‘ਤੇ AIMIM ਮੁਖੀ ਅਸਦੁਦੀਨ ਓਵੈਸੀ ਨੇ ਕਿਹਾ- ‘ਮੈਂ ਭਾਜਪਾ ਵਿਧਾਇਕ ਦੇ ਬਿਆਨ ਦੀ ਨਿੰਦਾ ਕਰਦਾ ਹਾਂ। ਭਾਜਪਾ ਤੇਲੰਗਾਨਾ ਅਤੇ ਹੈਦਰਾਬਾਦ ਦੀ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੀ ਹੈ ਅਤੇ ਇੱਥੇ ਫਿਰਕੂ ਦੰਗੇ ਕਰਵਾਉਣਾ ਚਾਹੁੰਦੀ ਹੈ।
ਭਾਜਪਾ ਵਿਧਾਇਕ ਨੇ ਕਾਮੇਡੀਅਨ ਮੁਨੱਵਰ ਫਾਰੂਕੀ ਖਿਲਾਫ ਵੀਡੀਓ ਜਾਰੀ ਕੀਤਾ ਸੀ। ਮੁਨੱਵਰ ਨੇ ਪਿਛਲੇ ਹਫ਼ਤੇ ਹੀ ਹੈਦਰਾਬਾਦ ਵਿੱਚ ਇੱਕ ਕਾਮੇਡੀ ਸ਼ੋਅ ਵਿੱਚ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਪਹਿਲਾਂ ਰਾਜਾ ਸਿੰਘ ਨੇ ਫਾਰੂਕੀ ਦਾ ਸ਼ੋਅ ਬੰਦ ਕਰਨ ਅਤੇ ਸੈੱਟ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ ਸੀ। ਰਾਜਾ ਸਿੰਘ ਨੇ ਕਿਹਾ ਕਿ ਮੁਨੱਵਰ ਫਾਰੂਕੀ ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਧਮਕੀ ਤੋਂ ਬਾਅਦ ਉਸ ਨੂੰ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ।
ਬੀਜੇਪੀ ਬੁਲਾਰੇ ਨੂਪੁਰ ਸ਼ਰਮਾ ਨੇ 27 ਮਈ ਨੂੰ ਇੱਕ ਟੀਵੀ ਡਿਬੇਟ ਦੌਰਾਨ ਪੈਗੰਬਰ ਮੁਹੰਮਦ ਸਾਹਬ ‘ਤੇ ਵਿਵਾਦਿਤ ਬਿਆਨ ਦਿੱਤਾ ਸੀ। ਇਸ ਬਿਆਨ ਕਾਰਨ ਭਾਜਪਾ ਨੇ ਉਨ੍ਹਾਂ ਨੂੰ 6 ਸਾਲ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ। ਨੂਪੁਰ ਦੇ ਬਿਆਨ ਦੇ ਵਿਰੋਧ ‘ਚ ਦੇਸ਼ ‘ਚ ਕਈ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨ ਹੋਏ।
ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ‘ਚ ਨੂਪੁਰ ਸ਼ਰਮਾ ਨੂੰ ਫਟਕਾਰ ਲਗਾਈ ਸੀ। ਅਦਾਲਤ ਨੇ ਕਿਹਾ ਸੀ ਕਿ ਨੂਪੁਰ ਨੇ ਟੈਲੀਵਿਜ਼ਨ ‘ਤੇ ਇਕ ਵਿਸ਼ੇਸ਼ ਧਰਮ ਵਿਰੁੱਧ ਭੜਕਾਊ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ ਅਤੇ ਦੇਸ਼ ਭਰ ਵਿੱਚ ਜੋ ਵੀ ਹੋ ਰਿਹਾ ਹੈ, ਉਸ ਲਈ ਨੂਪੁਰ ਜ਼ਿੰਮੇਵਾਰ ਹੈ। ਉਸ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਦਿੱਤਾ ਹੈ।