- ਉੱਤਰਾਖੰਡ ‘ਚ ਰੈੱਡ ਅਲਰਟ, ਰਿਸ਼ੀਕੇਸ਼ ਤੋਂ ਬਦਰੀਨਾਥ ਤੱਕ ਹਾਈਵੇਅ ਬੰਦ
ਜੰਮੂ-ਕਸ਼ਮੀਰ, 6 ਜੁਲਾਈ 2024 – ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਸ਼ਨੀਵਾਰ (6 ਜੁਲਾਈ) ਨੂੰ ਰੋਕ ਦਿੱਤੀ ਗਈ ਹੈ। ਪਵਿੱਤਰ ਗੁਫਾ ਨੂੰ ਜਾਣ ਵਾਲੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਮਾਰਗਾਂ ‘ਤੇ ਬੀਤੀ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਯਾਤਰੀਆਂ ਨੂੰ ਉਨ੍ਹਾਂ ਦੇ ਬੇਸ ਕੈਂਪ ਵਾਪਸ ਭੇਜਿਆ ਜਾ ਰਿਹਾ ਹੈ। ਮੌਸਮ ਠੀਕ ਹੋਣ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਹੋਵੇਗੀ।
29 ਜੂਨ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ। ਹੁਣ ਤੱਕ 1.5 ਲੱਖ ਤੋਂ ਵੱਧ ਸ਼ਰਧਾਲੂ 3,800 ਮੀਟਰ ਉੱਚੀ ਗੁਫਾ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਹਾਲਾਂਕਿ ਬਾਬਾ ਬਰਫਾਨੀ ਅਮਰਨਾਥ ਯਾਤਰਾ ਦੇ ਸ਼ੁਰੂ ਹੋਣ ਦੇ ਸੱਤਵੇਂ ਦਿਨ ਯਾਨੀ 5 ਜੁਲਾਈ ਨੂੰ ਅਦਿੱਖ ਹੋ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ। ਹੁਣ ਇੱਥੇ ਆਉਣ ਵਾਲੇ ਸ਼ਰਧਾਲੂ ਪਵਿੱਤਰ ਗੁਫਾ ਦੇ ਹੀ ਦਰਸ਼ਨ ਕਰ ਸਕਣਗੇ।
ਉੱਤਰਾਖੰਡ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਡੋਲੀਆ ਦੇਵੀ (ਫਾਟਾ) ਦੇ ਰੁਦਰਪ੍ਰਯਾਗ ਤੋਂ ਗੌਰੀਕੁੰਡ ਤੱਕ ਅਤੇ ਰਿਸ਼ੀਕੇਸ਼ ਤੋਂ ਬਦਰੀਨਾਥ ਤੱਕ ਰਾਸ਼ਟਰੀ ਰਾਜਮਾਰਗ 107 ਅਤੇ 58 ਨੂੰ ਬੰਦ ਕਰ ਦਿੱਤਾ ਗਿਆ ਹੈ। ਸੜਕ ’ਤੇ ਕਈ ਥਾਵਾਂ ’ਤੇ ਮਲਬਾ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ।
ਮੌਸਮ ਵਿਭਾਗ ਨੇ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। 6 ਤੋਂ 7 ਜੁਲਾਈ ਦੌਰਾਨ ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਬਾਰਿਸ਼ 64.5-115.5 ਮਿਲੀਮੀਟਰ ਤੋਂ 115.5-204.4 ਮਿਲੀਮੀਟਰ ਤੱਕ ਹੋ ਸਕਦੀ ਹੈ।