- ਹਸਪਤਾਲ ਦੇ ਸਟਾਫ਼ ‘ਤੇ ਅਣਦੇਖੀ ਦਾ ਦੋਸ਼
- ਕਿਹਾ- ਲਾਪਰਵਾਹ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਅੰਬਾਲਾ, 10 ਜਨਵਰੀ 2024 – ਕੜਾਕੇ ਦੀ ਠੰਡ ਵਿੱਚ ਪੰਜਾਬ ਦੇ ਦੱਪਰ ਇਲਾਕੇ ਦਾ ਇੱਕ ਨੌਜਵਾਨ ਆਪਣੀ ਗਰਭਵਤੀ ਪਤਨੀ ਨੂੰ ਬਾਈਕ ਰੇਹੜੀ ‘ਤੇ ਬੈਠਾ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲੈ ਗਿਆ। ਇੱਥੇ ਉਸ ਨੇ ਆਪਣੀ ਗਰਭਵਤੀ ਪਤਨੀ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਹਸਪਤਾਲ ਦੇ ਸਟਾਫ਼ ਨੂੰ ਵਾਰ-ਵਾਰ ਸਹਾਇਤਾ ਦੇਣ ਅਤੇ ਜੱਚਾ-ਬੱਚਾ ਵਾਰਡ ਵਿੱਚ ਲਿਜਾਣ ਦੀ ਬੇਨਤੀ ਕੀਤੀ ਪਰ ਦੋਸ਼ ਹੈ ਕਿ ਡਿਊਟੀ ’ਤੇ ਮੌਜੂਦ ਡਾਕਟਰਾਂ ਅਤੇ ਸਟਾਫ਼ ਵਿੱਚੋਂ ਕਿਸੇ ਨੇ ਵੀ ਇਸ ਕੇਸ ‘ਚ ਕੋਈ ਦਿਲਚਸਪੀ ਨਹੀਂ ਲਈ। ਗਰਭਵਤੀ ਔਰਤ ਨੂੰ ਸਟਰੈਚਰ ਨਹੀਂ ਦਿੱਤਾ ਗਿਆ। ਆਖਿਰ ਦਰਦ ਤੋਂ ਪੀੜਤ ਗਰਭਵਤੀ ਔਰਤ ਨੇ ਹਸਪਤਾਲ ਦੇ ਅਹਾਤੇ ‘ਚ ਹੀ ਖੁੱਲ੍ਹੀ ਛੱਤ ਹੇਠਾਂ ਇੱਕ ਰੇਹੜੀ ‘ਚ ਬੱਚੇ ਨੂੰ ਜਨਮ ਦਿੱਤਾ।
ਦਰਅਸਲ, ਪੰਜਾਬ ਦੇ ਦੱਪਰ ਦੀ ਰਹਿਣ ਵਾਲਾ ਸ਼ਾਲੂ ਸੋਮਵਾਰ ਰਾਤ ਕਰੀਬ 10.30 ਵਜੇ ਆਪਣੀ ਗਰਭਵਤੀ ਪਤਨੀ ਸੁਮਨ ਨੂੰ ਆਪਣੀ ਜੁਗਾੜ ਰੇਹੜੀ ‘ਚ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲੈ ਕੇ ਗਿਆ ਸੀ। ਸ਼ਾਲੂ ਦਾ ਕਹਿਣਾ ਹੈ ਕਿ ਉਹ ਡਾਕਟਰ ਅਤੇ ਹਸਪਤਾਲ ਦੇ ਸਟਾਫ ਨੂੰ ਭਗਵਾਨ ਸਮਝਦਾ ਸੀ ਪਰ ਸੋਮਵਾਰ ਰਾਤ ਦੇ ਇਸ ਕਾਰੇ ਤੋਂ ਬਾਅਦ ਉਸ ਦਾ ਵਿਸ਼ਵਾਸ ਟੁੱਟ ਗਿਆ ਅਤੇ ਉਸ ਦੀ ਪਤਨੀ ਅਤੇ ਨਵਜੰਮੇ ਬੱਚੇ ਨੂੰ ਰੱਬ ਨੇ ਹੀ ਬਚਾ ਲਿਆ। ਨੌਜਵਾਨ ਨੇ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਸਰਕਾਰੀ ਹਸਪਤਾਲ ਦੇ ਸਟਾਫ਼ ਦੀ ਲਾਪਰਵਾਹੀ ਦਾ ਨੋਟਿਸ ਲਿਆ ਹੈ। ਅਨਿਲ ਵਿੱਜ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਕਿਸੇ ਵੀ ਲਾਪਰਵਾਹੀ ਵਾਲੇ ਸਟਾਫ਼ ਜਾਂ ਡਾਕਟਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਦੇ ਨਾਲ ਹੀ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਦੀ ਪ੍ਰਿੰਸੀਪਲ ਮੈਡੀਕਲ ਅਫਸਰ ਡਾ: ਸੰਗੀਤਾ ਸਿੰਗਲਾ ਨੇ ਦੱਸਿਆ ਕਿ ਅੱਜ ਖੁਦ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਟਾਫ਼ ਦੀ ਲਾਪਰਵਾਹੀ ਦੀ ਸ਼ਿਕਾਇਤ ਮਿਲੀ ਹੈ, ਜਿਸ ‘ਤੇ ਉਨ੍ਹਾਂ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਜਾਂਚ ਕਮੇਟੀ ਦੀ ਰਿਪੋਰਟ ਆਉਣ ’ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।