ਨਾਗਪੁਰ, 10 ਜੂਨ 2022 – ਨਾਗਪੁਰ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਹਾਣੀ ਫਿਲਮ ਦੀ ਸਕ੍ਰਿਪਟ ਵਰਗੀ ਹੈ। ਇਕ ਔਰਤ ਨੇ ਪਹਿਲਾਂ ਪਰਿਵਾਰ ਦੇ ਕਹਿਣ ‘ਤੇ ਵਿਆਹ ਕਰਵਾਇਆ, ਫਿਰ ਆਪਣੀ ਮਰਜ਼ੀ ਨਾਲ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਵਿਆਹ ਕਰਵਾਇਆ ਅਤੇ ਹੁਣ ਉਹ ਤੀਜੇ ਵਿਅਕਤੀ ਨਾਲ ਰਹਿ ਰਹੀ ਹੈ।
ਮਾਮਲਾ ਉਦੋਂ ਗਰਮਾਇਆ ਜਦੋਂ ਔਰਤ ਦੇ ਦੋਵੇਂ ਪਤੀ ਆਪਣੀ ਪਤਨੀ ਅਤੇ ਤੀਜੇ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਸ ਕੋਲ ਪਹੁੰਚੇ। ਔਰਤ ਨੇ ਧੋਖੇ ਨਾਲ 5 ਸਾਲਾਂ ‘ਚ 3 ਵਿਆਹ ਕਰਵਾਏ ਹਨ, ਇਸ ਲਈ ਪੁਲਸ ਹੁਣ ਔਰਤ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ।
ਨਾਗਪੁਰ ਪੁਲਿਸ ਦੇ ਮਹਿਲਾ ਭਰੋਸਾ ਸੈੱਲ ਦੀ ਸੀਨੀਅਰ ਇੰਸਪੈਕਟਰ ਸੀਮਾ ਸੁਰਵੇ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਦੋ ਲੋਕ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਆਏ ਸਨ। ਨਾਗਪੁਰ ਦੇ ਵਥੋਡਾ ਦਾ ਰਹਿਣ ਵਾਲਾ 25 ਸਾਲਾ ਧੀਰਜ ਮਿਸਤਰੀ ਦਾ ਕੰਮ ਕਰਦਾ ਹੈ। ਕੁਝ ਸਾਲ ਪਹਿਲਾਂ ਪੂਜਾ (ਬਦਲਿਆ ਹੋਇਆ ਨਾਮ) ਆਪਣੀ ਭੈਣ ਨਾਲ ਇੱਥੇ ਆਈ ਸੀ ਅਤੇ ਗੁਆਂਢ ਵਿੱਚ ਰਹਿਣ ਵਾਲੇ ਧੀਰਜ ਨਾਲ ਵਿਆਹ ਕਰਵਾ ਲਿਆ ਸੀ। ਧੀਰਜ ਅਤੇ ਪੂਜਾ ਦਾ ਇੱਕ ਬੇਟਾ ਵੀ ਹੈ।

ਪੂਜਾ ਦੇ ਮੋਬਾਈਲ ‘ਤੇ ਔਰੰਗਾਬਾਦ ਦੇ ਰਹਿਣ ਵਾਲੇ 25 ਸਾਲਾ ਪਵਨ ਦੀ ਮਿਸ ਕਾਲ ਆਈ ਅਤੇ ਦੋਵਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਪਵਨ ਨਾਲ ਗੱਲਬਾਤ ਵਧ ਗਈ ਅਤੇ ਕੁਝ ਮਹੀਨਿਆਂ ਬਾਅਦ ਪੂਜਾ ਨੇ ਆਪਣੇ ਪਹਿਲੇ ਪਤੀ ਨੂੰ ਛੱਡ ਦਿੱਤਾ ਅਤੇ ਪਵਨ ਨਾਲ ਵਿਆਹ ਕਰ ਲਿਆ। ਪਵਨ ਨਾਲ ਵਿਆਹ ਕਰਨ ਤੋਂ ਪਹਿਲਾਂ ਪੂਜਾ ਨੇ ਖੁਦ ਨੂੰ ਅਣਵਿਆਹਿਆ ਦੱਸਿਆ ਸੀ। ਪੂਜਾ ਨੇ ਪਵਨ ਨੂੰ ਨਾਗਪੁਰ ਬੁਲਾਇਆ ਅਤੇ ਮੰਦਰ ‘ਚ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਪਵਨ ਨੇ ਨਾਗਪੁਰ ‘ਚ ਹੀ ਕੰਮ ਸ਼ੁਰੂ ਕਰ ਦਿੱਤਾ। ਪੂਜਾ ਨੇ ਪਹਿਲਾਂ ਆਪਣੇ ਪਤੀ ਧੀਰਜ ਨੂੰ ਦੱਸਿਆ ਕਿ ਉਹ ਪਿੰਡ ਜਾ ਰਹੀ ਹੈ, ਇਹ ਕਹਿ ਕੇ ਉਹ ਪਵਨ ਨਾਲ ਚਲੀ ਗਈ।
ਕੁਝ ਦਿਨਾਂ ਬਾਅਦ ਪੂਜਾ ਦੀ ਇੰਸਟਾਗ੍ਰਾਮ ‘ਤੇ ਸਚਿਨ ਨਾਂ ਦੇ ਨੌਜਵਾਨ ਨਾਲ ਜਾਣ-ਪਛਾਣ ਹੋ ਗਈ। ਜਦੋਂ ਉਸ ਦਾ ਦੂਜਾ ਪਤੀ ਪਵਨ ਘਰ ਨਹੀਂ ਸੀ ਤਾਂ ਸਚਿਨ ਉਸ ਦੇ ਘਰ ਆਉਣ ਲੱਗਾ। ਔਰਤ ਦਾ ਸਚਿਨ ਨਾਲ ਪਿਆਰ ਵਧ ਗਿਆ ਅਤੇ ਉਹ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਈ। ਹੁਣ ਦੋਹਾਂ ਨੇ ਭੱਜ ਕੇ ਵਿਆਹ ਕਰ ਲਿਆ ਹੈ।
ਇਸ ਤੋਂ ਬਾਅਦ ਪੂਜਾ ਦੇ ਪਹਿਲੇ ਪਤੀ ਧੀਰਜ ਅਤੇ ਦੂਜੇ ਪਵਨ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੂਜਾ ਨੇ ਸਚਿਨ ਨਾਂ ਦੇ ਨੌਜਵਾਨ ਨਾਲ ਵਿਆਹ ਕਰ ਲਿਆ ਹੈ। ਇਸ ਤੋਂ ਬਾਅਦ ਦੋਵੇਂ ਪਤਨੀ ਨੂੰ ਲੈਣ ਲਈ ਥਾਣੇ ਪਹੁੰਚੇ ਅਤੇ ਨਾਗਪੁਰ ਪੁਲਸ ਦੇ ‘ਭਰੋਸਾ ਸੈੱਲ’ ਨੂੰ ਅਪੀਲ ਕੀਤੀ।
ਪੂਜਾ ਦੇ ਪਹਿਲੇ ਪਤੀ ਦਾ ਕਹਿਣਾ ਹੈ ਕਿ ਉਸਦਾ ਅਤੇ ਪੂਜਾ ਦਾ ਇੱਕ ਬੇਟਾ ਹੈ। ਦੂਜੇ ਪਾਸੇ ਦੂਜੇ ਪਤੀ ਪਵਨ ਨੇ ਉਸ ਦੇ ਵਿਆਹ ਦੀਆਂ ਫੋਟੋਆਂ ਅਤੇ ਦਸਤਾਵੇਜ਼ ਦਿਖਾ ਕੇ ਉਸ ਨੂੰ ਆਪਣੀ ਪਤਨੀ ਦੱਸਿਆ ਹੈ। ਜਦੋਂ ਪੁਲਸ ਨੇ ਔਰਤ ਨੂੰ ਬੁਲਾਇਆ ਤਾਂ ਉਸ ਨੇ ਕਿਹਾ ਕਿ ਮੇਰੇ ਤੀਜੇ ਪਤੀ ਸਚਿਨ ਨਾਲ ਮੇਰੀ ਜ਼ਿੰਦਗੀ ਠੀਕ ਚੱਲ ਰਹੀ ਹੈ। ਹੁਣ ਪੁਲਿਸ ਉਲਝਣ ਵਿਚ ਹੈ ਕਿ ਕੀ ਕਰੇ ? ਪੁਲਿਸ ਵਿਚਕਾਰਲਾ ਤਰੀਕਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
