- ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕਿਆਰੀ ਨੇੜੇ ਵਾਪਰਿਆ
- PM ਮੋਦੀ ਸਮੇਤ ਹੋਰ ਲੀਡਰਾਂ ਨੇ ਦੁੱਖ ਪ੍ਰਗਟਾਇਆ
ਲੱਦਾਖ, 20 ਅਗਸਤ 2023 – ਸ਼ਨੀਵਾਰ ਸ਼ਾਮ 4:45 ‘ਤੇ ਲੱਦਾਖ ‘ਚ ਫੌਜ ਦੀ ਇਕ ਗੱਡੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 9 ਜਵਾਨਾਂ ਦੀ ਮੌਤ ਹੋ ਗਈ। ਜਦਕਿ ਇੱਕ ਜ਼ਖਮੀ ਹੈ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕਿਆਰੀ ਨੇੜੇ ਵਾਪਰਿਆ।
ਲੇਹ ਦੇ ਐਸਐਸਪੀ ਪੀਡੀ ਨਿਤਿਆ ਨੇ ਦੱਸਿਆ ਕਿ ਫੌਜ ਦੀਆਂ ਪੰਜ ਗੱਡੀਆਂ ਦਾ ਕਾਫਲਾ ਲੇਹ ਤੋਂ ਨਯੋਮਾ ਵੱਲ ਜਾ ਰਿਹਾ ਸੀ। ਕਾਫਲੇ ਵਿੱਚ ਸ਼ਾਮਲ ਇੱਕ ਵਾਹਨ ਦਾ ਡਰਾਈਵਰ ਕਿਆਰੀ ਨੇੜੇ ਵਾਹਨ ਤੋਂ ਕੰਟਰੋਲ ਗੁਆ ਬੈਠਾ। ਜਿਸ ਕਾਰਨ ਗੱਡੀ ਟੋਏ ਵਿੱਚ ਜਾ ਡਿੱਗੀ। ਇਸ ਵਿੱਚ 10 ਜਵਾਨ ਸਨ।
ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ ਗਈ। ਇਸ ਹਾਦਸੇ ‘ਚ 8 ਜਵਾਨ ਸ਼ਹੀਦ ਹੋ ਗਏ ਅਤੇ 2 ਜ਼ਖਮੀ ਹੋ ਗਏ ਸਨ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਇਕ ਹੋਰ ਜਵਾਨ ਦੀ ਮੌਤ ਹੋ ਗਈ। ਦੂਜੇ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾਵਾਂ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।