ਬਾੜਮੇਰ, 29 ਜੁਲਾਈ 2022 – ਰਾਜਸਥਾਨ ਦੇ ਬਾੜਮੇਰ ਦੇ ਭੀਮਦਾ ਪਿੰਡ ਵਿੱਚ ਵੀਰਵਾਰ ਰਾਤ ਕਰੀਬ 9:10 ਵਜੇ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ-21 ਬਾਇਸਨ (ਟ੍ਰੇਨਰ ਏਅਰਕ੍ਰਾਫਟ) ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਹਾਦਸਾ ਹੋਣ ਤੋਂ ਬਾਅਦ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਇਸ ਦੀ ਆਵਾਜ਼ 8-10 ਕਿਲੋਮੀਟਰ ਤੱਕ ਸੁਣਾਈ ਦਿੱਤੀ। ਜਹਾਜ਼ ਦਾ ਮਲਬਾ ਕਰੀਬ ਅੱਧਾ ਕਿਲੋਮੀਟਰ ਦੇ ਏਰੀਆ ‘ਚ ਫੈਲ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ।
ਦੇਰ ਰਾਤ ਹਵਾਈ ਸੈਨਾ ਨੇ ਘਟਨਾ ਤੋਂ ਬਾਅਦ ਘਟਨਾ ਵਾਲੇ ਸਥਾਨ ਦੇ ਆਲੇ-ਦੁਆਲੇ ਦੇ ਅੱਧਾ ਕਿਲੋਮੀਟਰ ਦੇ ਇਲਾਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਵਾਈ ਸੈਨਾ ਖਿੱਲਰੇ ਹੋਏ ਮਲਬੇ ਨੂੰ ਇਕੱਠਾ ਕਰਨ ਅਤੇ ਘਟਨਾ ਦੀ ਜਾਂਚ ਵਿੱਚ ਲੱਗੀ ਹੋਈ ਹੈ। ਮੌਕੇ ‘ਤੇ 100 ਤੋਂ ਵੱਧ ਜਵਾਨ ਅਤੇ ਹਵਾਈ ਸੈਨਾ ਦੇ ਅਧਿਕਾਰੀ ਮੌਜੂਦ ਹਨ।
ਘਟਨਾ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਹਾਦਸੇ ਤੋਂ ਬਾਅਦ ਜਹਾਜ਼ ਦੇ ਮਲਬੇ ਨੂੰ ਅੱਗ ਲੱਗ ਗਈ। ਮਲਬਾ ਖਿਲਾਰ ਗਿਆ ਅਤੇ ਇੱਕ ਮੋਬਾਈਲ ਫ਼ੋਨ ਵੀ ਟੁੱਟਿਆ ਹੋਇਆ ਸੀ। ਜਿੱਥੇ ਜਹਾਜ਼ ਡਿੱਗਿਆ, ਉੱਥੇ 15 ਫੁੱਟ ਦੇ ਘੇਰੇ ਵਿੱਚ ਇੱਕ ਵੱਡਾ ਟੋਆ ਪੈ ਗਿਆ ਹੈ। 9 ਸਾਲਾਂ ਵਿੱਚ ਬਾੜਮੇਰ ਵਿੱਚ ਫੌਜੀ ਜਹਾਜ਼ ਹਾਦਸੇ ਦਾ ਇਹ ਅੱਠਵਾਂ ਮਾਮਲਾ ਹੈ।

ਮਿਗ-21 ਨੇ ਉਤਰਲਾਈ ਤੋਂ ਉਡਾਣ ਭਰੀ ਸੀ। ਭੀਮਰਾ ਦੇ ਕੋਲ ਅਚਾਨਕ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ। ਦੱਸਿਆ ਜਾ ਰਿਹਾ ਹੈ ਕਿ ਮਿਗ ਰੇਤ ਦੇ ਟਿੱਬੇ ‘ਤੇ ਹਾਦਸਾਗ੍ਰਸਤ ਹੋ ਗਿਆ। ਤੇਲ ਕਾਰਨ ਇਸ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਦੋਵੇਂ ਪਾਇਲਟ ਜਹਾਜ਼ ਤੋਂ ਬਾਹਰ ਨਿਕਲਦੇ, ਉਹ ਅੱਗ ਦੀ ਲਪੇਟ ‘ਚ ਆ ਗਏ।
ਇਹ ਵੀ ਸਾਹਮਣੇ ਆ ਰਿਹਾ ਹੈ ਕਿ ਹਾਦਸੇ ਦੌਰਾਨ ਇੱਕ ਘਰ ਨੂੰ ਵੀ ਨੁਕਸਾਨ ਪੁੱਜਾ ਹੈ। ਹਾਲਾਂਕਿ ਅਜੇ ਤੱਕ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਹਵਾਈ ਫੌਜ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ਬਾਰੇ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨਾਲ ਗੱਲ ਕੀਤੀ।
ਇਸ ਘਟਨਾ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
