ਨਵੀਂ ਦਿੱਲੀ, 11 ਫਰਵਰੀ 2022 – ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ‘ਚ ਹਿੰਸਾ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਨੂੰ ਜ਼ਮਾਨਤ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ 9 ਅਕਤੂਬਰ ਤੋਂ ਜੇਲ੍ਹ ਵਿੱਚ ਹੈ। ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਵੀ ਆਸ਼ੀਸ਼ ਮਿਸ਼ਰਾ ਦਾ ਜੇਲ੍ਹ ਤੋਂ ਬਾਹਰ ਆਉਣਾ ਥੋੜ੍ਹਾ ਮੁਸ਼ਕਿਲ ਹੈ। ਅਜਿਹਾ ਇਸ ਲਈ ਕਿਉਂਕਿ ਜ਼ਮਾਨਤ ਦੇ ਹੁਕਮ ਵਿੱਚ ਧਾਰਾ 302 ਅਤੇ 120 ਬੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਆਸ਼ੀਸ਼ ਮਿਸ਼ਰਾ ‘ਤੇ ਕਈ ਗੰਭੀਰ ਧਾਰਾਵਾਂ ਦੇ ਤਹਿਤ ਦੋਸ਼ ਲੱਗੇ ਹਨ। ਲਖੀਮਪੁਰ ਪੁਲਿਸ ਵੱਲੋਂ ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਆਸ਼ੀਸ਼ ਮਿਸ਼ਰਾ ਨੂੰ ਆਈਪੀਸੀ ਦੀ ਧਾਰਾ 147, 148, 149, 302, 307, 326, 34, 427 ਅਤੇ 120ਬੀ ਤਹਿਤ ਮੁਲਜ਼ਮ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਆਰਮਜ਼ ਐਕਟ ਦੀਆਂ ਧਾਰਾਵਾਂ 3/25, 5/27 ਅਤੇ 39 ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਹਾਲਾਂਕਿ ਹਾਈ ਕੋਰਟ ਵੱਲੋਂ ਜਾਰੀ ਜ਼ਮਾਨਤ ਹੁਕਮਾਂ ਵਿੱਚ ਆਈਪੀਸੀ ਦੀਆਂ ਧਾਰਾਵਾਂ 147, 148, 149, 307, 326 ਅਤੇ 427 ਤੋਂ ਇਲਾਵਾ ਅਸਲਾ ਐਕਟ ਦੀਆਂ ਧਾਰਾਵਾਂ 34 ਅਤੇ 30 ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਧਾਰਾ 302 ਅਤੇ 120ਬੀ ਦਾ ਕੋਈ ਜ਼ਿਕਰ ਨਹੀਂ ਹੈ। ਧਾਰਾ 302 ਕਤਲ ਅਤੇ 120ਬੀ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਹੈ। ਜ਼ਮਾਨਤ ਦੇ ਹੁਕਮ ਵਿੱਚ 302 ਅਤੇ 120 ਬੀ ਦਾ ਕੋਈ ਜ਼ਿਕਰ ਨਹੀਂ ਹੈ, ਇਸ ਲਈ ਆਸ਼ੀਸ਼ ਮਿਸ਼ਰਾ ਫਿਲਹਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਹਨ।
ਜਿਸ ‘ਤੇ ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਦੱਸਿਆ ਕਿ ਉਹ ਜ਼ਮਾਨਤ ਦੇ ਹੁਕਮ ‘ਚ ਧਾਰਾ 307 ਅਤੇ 120ਬੀ ਜੋੜਨ ਲਈ ਹਾਈ ਕੋਰਟ ‘ਚ ਅਪੀਲ ਕਰਨਗੇ। ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਹੁਕਮ ‘ਚ ਸੋਧ ਹੋਣ ਤੋਂ ਬਾਅਦ ਹੀ ਜ਼ਮਾਨਤ ਮਿਲੇਗੀ।
ਲਖੀਮਪੁਰ ਖੀਰੀ ਦਾ ਸਾਰਾ ਘਟਨਾਕ੍ਰਮ 3 ਅਕਤੂਬਰ ਨੂੰ ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਿਆ ਲਖੀਮਪੁਰ ਖੇੜੀ ਦੇ ਦੌਰੇ ਦੌਰਾਨ ਵਾਪਰਿਆ ਸੀ। ਉਹਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪਿੰਡ ਬਨਵੀਰਪੁਰ ਵਿੱਚ ਸਮਾਗਮ ਵਿੱਚ ਸ਼ਾਮਲ ਹੋਣਾ ਸੀ। ਜਿਸ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੇ ਆਪਣੀ ਥਾਰ ਜੀਪ ਕਿਸਾਨਾਂ ‘ਤੇ ਚੜ੍ਹਾ ਦਿੱਤੀ। ਜਿਸ ਦਾ ਜ਼ਿਕਰ ਆਸ਼ੀਸ਼ ਮਿਸ਼ਰਾ ‘ਤੇ ਦਰਜ FIR ‘ਚ ਵੀ ਹੈ। ਇਸ ਕਾਰਨ 4 ਕਿਸਾਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹਿੰਸਾ ਭੜਕ ਗਈ, ਜਿਸ ਵਿਚ 3 ਭਾਜਪਾ ਵਰਕਰਾਂ ਅਤੇ 1 ਪੱਤਰਕਾਰ ਦੀ ਮੌਤ ਹੋ ਗਈ ਸੀ।
ਇਸ ਮਾਮਲੇ ‘ਚ ਆਸ਼ੀਸ਼ ਮਿਸ਼ਰਾ ਨੂੰ 9 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੇਠਲੀ ਅਦਾਲਤ ਵੱਲੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ।