ਨਵੀਂ ਦਿੱਲੀ, 28 ਮਾਰਚ 2023 – 17 ਸਾਲ ਪੁਰਾਣੇ ਉਮੇਸ਼ ਪਾਲ ਅਗਵਾ ਮਾਮਲੇ ‘ਚ ਅੱਜ ਪ੍ਰਯਾਗਰਾਜ ਦੀ ਐਮਪੀ-ਐਮਐਲਏ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਬਾਹੂਬਲੀ ਅਤੀਕ ਅਹਿਮਦ ਸਮੇਤ ਤਿੰਨ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਅਤੀਕ ਤੋਂ ਇਲਾਵਾ ਹਨੀਫ, ਦਿਨੇਸ਼ ਪਾਸੀ ਨੂੰ ਵੀ ਇਸ ਅਗਵਾ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਜਦਕਿ ਅਤੀਕ ਦੇ ਭਰਾ ਅਸ਼ਰਫ ਸਮੇਤ 7 ਨੂੰ ਬਰੀ ਕਰ ਦਿੱਤਾ ਗਿਆ।
ਉਮੇਸ਼ ਪਾਲ 2005 ਦੇ ਰਾਜੂਪਾਲ ਕਤਲ ਕੇਸ ਦਾ ਮੁੱਖ ਗਵਾਹ ਸੀ। ਅਦਾਲਤ ਦੇ ਇਸ ਫੈਸਲੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ 24 ਫਰਵਰੀ 2023 ਨੂੰ ਪ੍ਰਯਾਗਰਾਜ ਵਿੱਚ ਉਮੇਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ‘ਚ ਵੀ ਅਤੀਕ, ਉਸ ਦੇ ਭਰਾ ਅਸ਼ਰਫ, ਬੇਟੇ ਅਸਦ ਸਮੇਤ 9 ਲੋਕ ਆਰੋਪੀ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਤੀਕ ਅਹਿਮਦ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਪ੍ਰਯਾਗਰਾਜ ਲਿਆਂਦਾ ਗਿਆ ਸੀ। ਉਸ ਦੇ ਭਰਾ ਅਸ਼ਰਫ਼ ਨੂੰ ਬਰੇਲੀ ਤੋਂ ਪ੍ਰਯਾਗਰਾਜ ਲਿਆਂਦਾ ਗਿਆ। ਇਸ ਤੋਂ ਇਲਾਵਾ ਇਕ ਹੋਰ ਦੋਸ਼ੀ ਫਰਹਾਨ ਨੂੰ ਵੀ ਇਥੇ ਲਿਆਂਦਾ ਗਿਆ।
ਉਮੇਸ਼ ਪਾਲ ਅਗਵਾ ਕਾਂਡ ਵਿੱਚ ਕੁੱਲ 11 ਮੁਲਜ਼ਮ ਸਨ। ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ। ਅਦਾਲਤ ਨੇ 3 ਨੂੰ ਦੋਸ਼ੀ ਕਰਾਰ ਦਿੱਤਾ ਹੈ। ਜਦਕਿ 7 ਨੂੰ ਬਰੀ ਕਰ ਦਿੱਤਾ ਗਿਆ ਹੈ।

ਅਦਾਲਤ ਵੱਲੋਂ 7 ਮੁਲਜ਼ਮਾਂ ਅਤੀਕ ਦਾ ਭਰਾ ਅਸ਼ਰਫ, ਅੰਸਾਰ ਬਾਬਾ, ਫਰਹਾਨ, ਇਸਰਾਰ, ਆਬਿਦ ਪ੍ਰਧਾਨ, ਆਸ਼ਿਕ ਮੱਲੀ ਅਤੇ ਏਜਾਜ਼ ਅਖਤਰ ਨੂੰ ਬੜੀ ਕਰ ਦਿੱਤਾ ਗਿਆ ਹੈ। ਜਦੋਂ ਕਿ ਇੱਕ ਦੋਸ਼ੀ ਅੰਸਾਰ ਅਹਿਮਦ ਦੀ ਮੌਤ ਹੋ ਚੁੱਕੀ ਹੈ।
