ਸੈਫ ਅਲੀ ਖ਼ਾਨ ‘ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਲੈ ਕੇ ਵੱਡਾ ਖ਼ੁਲਾਸਾ

ਮੁੰਬਈ, 20 ਜਨਵਰੀ 2025 – ਅਦਾਕਾਰ ਸੈਫ਼ ਅਲੀ ਖ਼ਾਨ ‘ਤੇ ਕਥਿਤ ਚਾਕੂ ਨਾਲ ਵਾਰ ਕਰਨ ਵਾਲੇ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਭਾਰਤ ਆਉਣ ਤੋਂ ਪਹਿਲਾਂ ਬੰਗਲਾਦੇਸ਼ ਵਿਚ ਕੌਮੀ ਪੱਧਰ ਦਾ ਪਹਿਲਵਾਨ ਸੀ। ਸ਼ਹਿਜ਼ਾਦ ਨੇ ਸੈਫ਼ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਸ਼ਾਹਰੁਖ਼ ਖ਼ਾਨ ਦੀ ਰਿਹਾਇਸ਼ ‘ਮੰਨਤ’ ਸਣੇ ਹੋਰਨਾਂ ਨਾਮੀ ਹਸਤੀਆਂ ਦੇ ਘਰਾਂ ਦੀ ਵੀ ਰੇਕੀ ਕੀਤੀ ਸੀ। ਹਾਲਾਂਕਿ ਸ਼ਾਹਰੁਖ ਦੇ ਘਰ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਤੇ ਉੱਚੀਆਂ ਕੰਧਾਂ ਦੇਖ ਕੇ ਉਸ ਨੇ ਇਰਾਦਾ ਬਦਲ ਦਿੱਤਾ। ਇਸ ਦੌਰਾਨ ਪੁਲਸ ਨੇ ਸ਼ਹਿਜ਼ਾਦ ਨੂੰ ਹੋਰ ਪੁੱਛ ਪੜਤਾਲ ਅਤੇ ਜਾਂਚ ਲਈ ਸਾਂਤਾਕਰੂਜ਼ ਪੁਲਸ ਥਾਣੇ ਤੋਂ ਬਾਂਦਰਾ ਪੁਲਸ ਥਾਣੇ ਤਬਦੀਲ ਕੀਤਾ ਹੈ।

ਸੂਤਰਾਂ ਨੇ ਦਾਅਵਾ ਕੀਤਾ ਕਿ ਸ਼ਹਿਜ਼ਾਦ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਉਹ ਬੰਗਲਾਦੇਸ਼ ਵਿਚ ਜ਼ਿਲ੍ਹਾ ਤੇ ਕੌਮੀ ਪੱਧਰ ਦੀਆਂ ਕੁਸ਼ਤੀ ਚੈਂਪੀਅਨਸ਼ਿਪਾਂ ਵਿਚ ਹੇਠਲੇ ਭਾਰ ਵਰਗ ਵਿਚ ਖੇਡਦਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ਹਿਜ਼ਾਦ ਨੇ ਦਾਅਵਾ ਕੀਤਾ ਕਿ ਉਸ ਦੇ ਕੁਸ਼ਤੀ ਪਿਛੋਕੜ ਕਰਕੇ ਹੀ ਸੈਫ ’ਤੇ ਕੀਤੇ ਹਮਲੇ ਦੌਰਾਨ ਉਸ ਦੇ ਕਿਤੇ ਕੋਈ ਸੱਟ ਫੇਟ ਨਹੀਂ ਲੱਗੀ। ਹਮਲੇ ਮਗਰੋਂ ਸ਼ਹਿਜ਼ਾਦ ਨੇ ਖੁ਼ਦ ਨੂੰ ਪੁਲਸ ਤੋਂ ਬਚਾਉਣ ਲਈ ਤਿੰਨ ਤੋਂ ਚਾਰ ਵਾਰ ਆਪਣੇ ਕੱਪੜੇ ਬਦਲੇ। ਉਹ ਬਾਂਦਰਾ ਤੋਂ ਦਾਦਰ, ਵਰਲੀ, ਅੰਧੇਰੀ ਵਿਚ ਘੁੰਮਦਾ ਰਿਹਾ ਤੇ ਅਖੀਰ ਵਿਚ ਠਾਣੇ ਪੁੱਜਾ। ਘਟਨਾ ਤੋਂ ਅਗਲੇ ਦਿਨ, ਉਹ ਦਾਦਰ ਵਾਪਸ ਆਇਆ, ਲਗਾਤਾਰ ਘੁੰਮਦਾ ਰਿਹਾ, ਜਿਸ ਕਾਰਨ ਪੁਲਸ ਲਈ ਉਸ ਨੂੰ ਲੱਭਣਾ ਮੁਸ਼ਕਲ ਹੋ ਗਿਆ।

ਦੱਸਣਯੋਗ ਹੈ ਕਿ ਸ਼ਹਿਜ਼ਾਦ ਸਤੰਬਰ ਵਿਚ ਮੁੰਬਈ ਆਇਆ ਸੀ ਅਤੇ ਸ਼ੁਰੂ ਵਿਚ ਇੱਕ ਹਾਊਸਕੀਪਿੰਗ ਕੰਪਨੀ ਰਾਹੀਂ ਇੱਕ ਹੋਟਲ ਵਿਚ ਕੰਮ ਕਰਦਾ ਸੀ। ਸੂਤਰਾਂ ਨੇ ਕਿਹਾ ਕਿ ਸ਼ਹਿਜ਼ਾਦ ਨੇ ਸੈਫ ਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਘਰਾਂ ਦੀ ਘੇਰਾਬੰਦੀ ਕੀਤੀ ਸੀ। ਸ਼ਹਿਜ਼ਾਦ ਨੇ ਮੰਨਿਆ ਕਿ ਉਸ ਨੇ ਸਤਗੁਰੂ ਸ਼ਰਨ ਦੀ 12 ਮੰਜ਼ਿਲਾ ਇਮਾਰਤ, ਜਿੱਥੇ ਸੈਫ਼ੀ ਅਲੀ ਖ਼ਾਨ ਦਾ ਘਰ ਹੈ ਅਤੇ ਸ਼ਾਹਰੁਖ ਦੀ ‘ਮੰਨਤ’ ਸਣੇ ਹੋਰ ਨਾਮੀ ਹਸਤੀਆਂ ਦੀਆਂ ਰਿਹਾਇਸ਼ਾਂ ਦਾ ਸਰਵੇਖਣ ਕੀਤਾ ਸੀ। ਸ਼ਾਹਰੁਖ਼ ਦੀ ਰਿਹਾਇਸ਼ ਦੇ ਬਾਹਰ ਸਖ਼ਤ ਸੁਰੱਖਿਆ ਪਹਿਰੇ ਤੇ ਉੱਚੀਆਂ ਕੰਧਾਂ ਕਰਕੇ ਉਸ ਨੇ ਇਰਾਦਾ ਬਦਲ ਦਿੱਤਾ। ਸ਼ਹਿਜ਼ਾਦ ਨੇ 15 ਜਨਵਰੀ ਨੂੰ ਸੈਫ ਦੇ ਘਰ ਦੀ ਵਿਸਥਾਰਤ ਰੇਕੀ ਕੀਤੀ ਅਤੇ ਇੱਕ ਆਸਾਨ ਐਂਟਰੀ ਪੁਆਇੰਟ ਦੀ ਪਛਾਣ ਕੀਤੀ। ਉਹ ਮਗਰੋਂ ਉਸੇ ਰਾਤ ਨੂੰ ਵਾਪਸ ਆਇਆ ਅਤੇ 16 ਜਨਵਰੀ ਨੂੰ ਸਵੇਰੇ 1:37 ਵਜੇ ਇਮਾਰਤ ਵਿਚ ਦਾਖਲ ਹੋਇਆ। ਨਕਦੀ ਅਤੇ ਗਹਿਣੇ ਚੋਰੀ ਕਰਨ ਦਾ ਮੌਕਾ ਮਿਲਣ ਦੇ ਬਾਵਜੂਦ ਸੈਫ਼ ‘ਤੇ ਹਮਲੇ ਮਗਰੋਂ ਫੜੇ ਜਾਣ ਦੇ ਡਰੋਂ ਸ਼ਹਿਜ਼ਾਦ ਉਥੋਂ ਭੱਜ ਗਿਆ। ਉਪਰੰਤ ਉਸ ਨੇ ਨਿਊਜ਼ ਚੈਨਲਾਂ ਰਾਹੀਂ ਜਾਂਚ ਦੀ ਨੇੜਿਓਂ ਨਿਗਰਾਨੀ ਕੀਤੀ। ਉਸ ਨੇ ਮੀਡੀਆ ਵੱਲੋਂ ਦਿਖਾਏ ਗਏ ਮਸ਼ਕੂਕਾਂ ਦੇ ਸਕਰੀਨ ਸ਼ਾਟ ਵੀ ਆਪਣੇ ਫੋਨ ’ਚ ਸੇਵ ਕੀਤੇ, ਜੋ ਬਾਅਦ ਵਿੱਚ ਉਸ ਦੇ ਮੋਬਾਈਲ ਫੋਨ ’ਚੋਂ ਬਰਾਮਦ ਕੀਤੇ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

HSGMC ਚੋਣਾਂ ਤੋਂ ਬਾਅਦ ਜਗਦੀਸ਼ ਸਿੰਘ ਝੀਂਡਾ ਨੇ ਕੀਤਾ ਅਸਤੀਫ਼ਾ ਦੇਣ ਦਾ ਐਲਾਨ

ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ: ਬਿਕਰਮ ਮਜੀਠੀਆ