ਨਵੀਂ ਦਿੱਲੀ, 22 ਮਈ, 2024 : ਭਾਜਪਾ ਨੇ ਭੋਜਪੁਰੀ ਸਟਾਰ ਪਵਨ ਸਿੰਘ ਖਿਲਾਫ ਵੱਡੀ ਕਾਰਵਾਈ ਕੀਤੀ ਹੈ । ਭਾਜਪਾ ਨੇ ਪਵਨ ਸਿੰਘ ਨੂੰ ਪਾਰਟੀ ‘ਚੋਂ ਕੱਢ ਦਿੱਤਾ ਹੈ। ਇਸ ਸੰਬੰਧੀ ਬੀਜੇਪੀ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਿੱਚ ਲਿਖਿਆ ਹੈ ਕਿ ਪਵਨ ਸਿੰਘ ਲੋਕ ਸਭਾ ਚੋਣਾਂ ਵਿੱਚ ਐਨਡੀਏ ਦੇ ਅਧਿਕਾਰਤ ਉਮੀਦਵਾਰ ਵਿਰੁੱਧ ਚੋਣ ਲੜ ਰਹੇ ਹਨ।
ਪਵਨ ਸਿੰਘ ਦਾ ਇਹ ਕੰਮ ਪਾਰਟੀ ਵਿਰੋਧੀ ਹੈ। ਜਿਸ ਕਾਰਨ ਪਾਰਟੀ ਦਾ ਅਕਸ ਖਰਾਬ ਹੋਇਆ ਹੈ। ਉਨ੍ਹਾਂ ਨੇ ਪਾਰਟੀ ਅਨੁਸ਼ਾਸਨ ਦੇ ਖਿਲਾਫ ਅਜਿਹਾ ਕੀਤਾ ਹੈ। ਇਸ ਪਾਰਟੀ ਵਿਰੋਧੀ ਕਾਰਵਾਈ ਲਈ ਸੂਬਾ ਪ੍ਰਧਾਨ ਦੇ ਹੁਕਮਾਂ ਅਨੁਸਾਰ ਪਵਨ ਸਿੰਘ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਜਪਾ ਨੇ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਆਸਨਸੋਲ ਤੋਂ ਪਵਨ ਸਿੰਘ ਨੂੰ ਲੋਕ ਸਭਾ ਟਿਕਟ ਦਿੱਤੀ ਸੀ ਪਰ ਪਵਨ ਨੇ ਇੱਥੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪਵਨ ਸਿੰਘ ਨੇ ਕਰਕਟ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ।
ਕਰਕਟ ਤੋਂ ਐਨਡੀਏ ਉਮੀਦਵਾਰ ਉਪੇਂਦਰ ਕੁਸ਼ਵਾਹਾ ਹਨ। ਲੋਕਾਂ ਵਿੱਚ ਇਹ ਸੰਦੇਸ਼ ਲਗਾਤਾਰ ਫੈਲ ਰਿਹਾ ਸੀ ਕਿ ਪਾਰਟੀ ਵਿੱਚ ਹੋਣ ਦੇ ਬਾਵਜੂਦ ਪਵਨ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਪਾਰਟੀ ਵੀ ਇਸ ਦਾ ਸਮਰਥਨ ਕਰ ਰਹੀ ਹੈ। ਦੱਸ ਦਈਏ ਕਿ ਕਰਕਟ ‘ਚ 1 ਜੂਨ ਨੂੰ ਵੋਟਿੰਗ ਹੋਣੀ ਹੈ।
ਪਵਨ ਸਿੰਘ ਨੂੰ ਭਾਜਪਾ ‘ਚੋਂ ਬਾਹਰ ਦਾ ਰਸਤਾ ਦਿਖਾਏ ਜਾਣ ‘ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਕਿਹਾ ਕਿ ਜੇਕਰ ਕੋਈ ਭਾਜਪਾ ਮੈਂਬਰ ਪਾਰਟੀ ਖਿਲਾਫ ਚੋਣ ਲੜਦਾ ਹੈ ਤਾਂ ਉਸ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਵਨ ਸਿੰਘ ਪਾਰਟੀ ਵਿਰੁੱਧ ਕੰਮ ਕਰ ਰਿਹਾ ਸੀ, ਇਸ ਲਈ ਪਾਰਟੀ ਨੇ ਇਹ ਫੈਸਲਾ ਲਿਆ ਹੈ।