ਕੈਥਲ, 12 ਅਕਤੂਬਰ 2024 – ਹਰਿਆਣਾ ਦੇ ਕੈਥਲ ‘ਚ ਦੁਸਹਿਰੇ ਦੇ ਤਿਉਹਾਰ ਵਾਲੇ ਦਿਨ ਇਕ ਵੱਡਾ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਕੈਥਲ ਵਿਚ ਮੁੰਡਦੀ ਨਹਿਰ ‘ਚ ਇਕ ਆਲਟੋ ਕਾਰ ਦੇ ਡੁੱਬਣ ਨਾਲ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਘਟਨਾ ਸਵੇਰੇ ਕਰੀਬ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਮੌਕੇ ‘ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 7 ਹੈ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਸੱਤ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪੁਲਸ ਅਨੁਸਾਰ 15 ਸਾਲਾ ਕੁੜੀ ਦੀ ਲਾਸ਼ ਅਜੇ ਤੱਕ ਨਹੀਂ ਮਿਲੀ, ਜੋ ਕਿ ਨਹਿਰ ‘ਚ ਦੱਸੀ ਜਾ ਰਹੀ ਹੈ। ਦੂਜੇ ਪਾਸੇ ਇਸ ਹਾਦਸੇ ਵਿਚ ਗੱਡੀ ਚਲਾ ਰਿਹਾ ਡਰਾਈਵਰ ਵਾਲ-ਵਾਲ ਬਚ ਗਿਆ, ਜਿਸ ਦਾ ਕੁੰਡਲੀ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਹੀ ਪਰਿਵਾਰ ਦੇ 8 ਮੈਂਬਰ ਡਰਾਇਵਰ ਸਣੇ ਕੈਥਲ ਦੇ ਪਿੰਡ ਗੁਹਨਾ ਵਿੱਚ ਸਥਿਤ ਗੁਰੂ ਰਵਿਦਾਸ ਮੰਦਰ ਵਿੱਚ ਸਵੇਰੇ ਮੱਥਾ ਟੇਕਣ ਜਾ ਰਹੇ ਸਨ, ਜੋ ਸਵੇਰੇ ਕਰੀਬ ਸਾਢੇ ਅੱਠ ਵਜੇ ਘਰੋਂ ਨਿਕਲੇ ਸਨ।
ਦੱਸਿਆ ਜਾ ਰਿਹਾ ਹੈ ਕਿ ਪੁੰਡਰੀ ਦੇ ਪਿੰਡ ਡੀਗ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੀ ਆਲਟੋ ਕਾਰ ਵਿੱਚ ਕੈਥਲ ਵੱਲ ਆ ਰਿਹਾ ਸੀ। ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ। ਕਾਰ ਵਿਚ ਤਿੰਨ ਬੱਚੇ, ਤਿੰਨ ਔਰਤਾਂ ਅਤੇ ਇੱਕ ਆਦਮੀ ਸਮੇਤ ਕੁੱਲ ਸੱਤ ਲੋਕ ਸਵਾਰ ਸਨ।