ਗੈਂਗਸਟਰਾਂ ‘ਤੇ ਵੱਡੀ ਕਾਰਵਾਈ: ਮੂਸੇਵਾਲਾ ਦੇ ਕਾਤਲਾਂ ਲਾਰੈਂਸ-ਗੋਲਡੀ, ਨੀਰਜ ਬਵਾਨਾ ਅਤੇ ਬੰਬੀਹਾ ਗੈਂਗ ਦੇ ਗੈਂਗਸਟਰਾਂ ‘ਤੇ ਲਾਇਆ UAPA

ਨਵੀਂ ਦਿੱਲੀ, 1 ਸਤੰਬਰ 2022 – ਦੇਸ਼ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ‘ਤੇ ਦਿੱਲੀ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ‘ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਲਗਾਇਆ ਗਿਆ ਹੈ। ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਤੋਂ ਇਲਾਵਾ ਬੰਬੀਹਾ ਗੈਂਗ ਦੇ ਵਿਰੋਧੀ ਲੱਕੀ ਪਟਿਆਲ, ਨੀਰਜ ਬਵਾਨਾ ਆਦਿ ‘ਤੇ ਵੀ ਇਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਕੇਂਦਰ ਦੇ ਹੁਕਮਾਂ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ 2 ਕੇਸ ਦਰਜ ਕੀਤੇ ਗਏ ਹਨ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਬੰਬੀਹਾ ਗੈਂਗ ਨੇ ਲਾਰੈਂਸ ਗੈਂਗ ਤੋਂ ਕਤਲ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ।

ਪਹਿਲੀ ਐਫਆਈਆਰ ਵਿੱਚ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੇ ਨਾਮ ਲਏ ਗਏ ਹਨ। ਜਿਸ ਵਿੱਚ ਗੈਂਗ ਦੇ ਮੁਖੀ ਲਾਰੈਂਸ, ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ, ਬਿਕਰਮ ਬਰਾੜ, ਕਾਲਾ ਜਥੇਦਾਰੀ, ਜਸਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਸਚਿਨ ਥਾਪਨ, ਲਾਰੈਂਸ ਦਾ ਭਰਾ ਅਨਮੋਲ ਅਤੇ ਲਖਬੀਰ ਸਿੰਘ ਲੰਡਾ ਸ਼ਾਮਲ ਹਨ। ਦਿੱਲੀ ਪੁਲਿਸ ਨੂੰ ਸੂਤਰਾਂ ਤੋਂ ਮਿਲੇ ਇਨਪੁਟਸ ਦੇ ਆਧਾਰ ‘ਤੇ ਇਨ੍ਹਾਂ ਦਾ ਨਾਮ ਲਿਆ ਗਿਆ ਹੈ। ਇਹ ਗਿਰੋਹ ਜੇਲ੍ਹ ਤੋਂ ਇਲਾਵਾ ਕੈਨੇਡਾ, ਦੁਬਈ ਅਤੇ ਪਾਕਿਸਤਾਨ ਤੋਂ ਵੀ ਅਪਰੇਸ਼ਨ ਚਲਾ ਰਿਹਾ ਹੈ।

ਦੂਜੀ ਐਫਆਈਆਰ ਬੰਬੀਹਾ ਗੈਂਗ ਅਤੇ ਇਸ ਦੇ ਨੇੜਲੇ ਸਾਥੀਆਂ ‘ਤੇ ਕੀਤੀ ਗਈ ਹੈ। ਇਸ ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਅਰਮੀਨੀਆ ਵਿੱਚ ਗੈਂਗ ਚਲਾਉਣ ਵਾਲੇ ਗੌਰਵ ਉਰਫ਼ ਲੱਕੀ ਪਟਿਆਲ, ਅਮਿਤ ਡਾਗਰ, ਕੌਸ਼ਲ ਚੌਧਰੀ, ਨੀਰਜ ਬਵਾਨਾ, ਭੂਪੀ ਰਾਣਾ, ਸੁਨੀਲ ਉਰਫ਼ ਟਿੱਲੂ ਤਾਜਪੁਰੀਆ, ਬਾਬਾ ਢੱਲਾ ਉਰਫ਼ ਗੁਰਵਿੰਦਰ ਨੂੰ ਸ਼ਾਮਲ ਕੀਤਾ ਗਿਆ ਹੈ। ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਅਗਸਤ 2021 ਵਿੱਚ ਮੋਹਾਲੀ ਵਿੱਚ ਵਿੱਕੀ ਮਿੱਡੂਖੇੜਾ ਕਤਲੇਆਮ ਦੇ ਸਾਜ਼ਿਸ਼ਕਰਤਾ ਹਨ।

ਸੂਤਰਾਂ ਮੁਤਾਬਕ ਕੇਂਦਰੀ ਖੁਫੀਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਇਨਪੁਟ ਦਿੱਤੇ ਹਨ ਕਿ ਕਈ ਗੈਂਗਸਟਰ ਅੱਤਵਾਦੀ ਸੰਗਠਨਾਂ ਦੇ ਸੰਪਰਕ ‘ਚ ਹਨ। ਭਾਰਤ ਸਰਕਾਰ ਨੇ ਇਨ੍ਹਾਂ ਸੰਗਠਨਾਂ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਇਨ੍ਹਾਂ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਇਹ ਗੈਂਗਸਟਰ ਭਾਰਤ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਸਕਦੇ ਹਨ।

ਸੂਤਰਾਂ ਅਨੁਸਾਰ ਜਿਨ੍ਹਾਂ ਗੈਂਗਸਟਰਾਂ ਖ਼ਿਲਾਫ਼ ਯੂਏਪੀਏ ਦਾ ਕੇਸ ਦਰਜ ਹੋਇਆ ਹੈ, ਉਨ੍ਹਾਂ ਵਿੱਚੋਂ ਬਹੁਤੇ ਜੇਲ੍ਹ ਵਿੱਚ ਹਨ। ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਦਿੱਲੀ ਪੁਲਿਸ ਉਨ੍ਹਾਂ ਨੂੰ ਰਿਮਾਂਡ ‘ਤੇ ਲੈ ਸਕਦੀ ਹੈ। ਜਿਸ ‘ਚ ਪੁੱਛਗਿੱਛ ਕਰਕੇ ਉਨ੍ਹਾਂ ਦੇ ਅਪਰਾਧਿਕ ਨੈੱਟਵਰਕ ਨੂੰ ਤੋੜਿਆ ਜਾਵੇਗਾ। ਉਨ੍ਹਾਂ ਨਾਲ ਜੁੜੇ ਸ਼ੂਟਰਾਂ ਅਤੇ ਹੋਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਈ ਕੋਰਟ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਵਾਲੀ ਪਟੀਸ਼ਨ ਨੂੰ ਕੀਤਾ ਖਾਰਜ

ਲਾਰੈਂਸ ਦੀ ਪਟੀਸ਼ਨ ‘ਤੇ ਸੁਣਵਾਈ ਕਰੇਗੀ SC: ਗੈਂਗਸਟਰ ਨੇ ਪੰਜਾਬ ਪੁਲਿਸ ਹਿਰਾਸਤ ਦਾ ਕੀਤਾ ਵਿਰੋਧ