ਬਿਹਾਰ, 6 ਅਕਤੂਬਰ 2025 – ਬਿਹਾਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਲੋਂ ਕਰ ਦਿੱਤਾ ਗਿਆ ਹੈ। ਬਿਹਾਰ ਵਿਚ 243 ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ 2 ਪੜਾਵਾਂ ਵਿਚ 6 ਅਤੇ 11 ਨਵੰਬਰ ਨੂੰ ਹੋਣਗੀਆਂ। ਜਿਹਨਾਂ ਦੇ ਨਤੀਜੇ 14 ਨਵੰਬਰ ਨੂੰ ਆਉਣਗੇ। ਪੂਰੀ ਚੋਣ ਪ੍ਰਕਿਰਿਆ 40 ਦਿਨਾਂ ਤੱਕ ਚੱਲੇਗੀ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਬਿਹਾਰ ਵਿੱਚ ਕੁੱਲ 7.43 ਕਰੋੜ ਵੋਟਰ ਹਨ। ਇਨ੍ਹਾਂ ਵਿੱਚ ਲਗਭਗ 3.92 ਕਰੋੜ ਪੁਰਸ਼, 3.50 ਕਰੋੜ ਔਰਤਾਂ ਅਤੇ 1,725 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। 7.2 ਲੱਖ ਦਿਵਿਆਂਗ ਵੋਟਰ ਅਤੇ 4.04 ਲੱਖ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕ ਵੀ ਵੋਟਰ ਸੂਚੀ ਵਿੱਚ ਹਨ। ਇਸ ਤੋਂ ਇਲਾਵਾ 14 ਹਜ਼ਾਰ ਸ਼ਤਾਬਦੀ ਵੋਟਰ, ਭਾਵ 100 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕ ਵੀ ਵੋਟ ਪਾਉਣ ਦੇ ਯੋਗ ਹਨ। ਅੰਕੜਿਆਂ ਵਿੱਚ 1.63 ਲੱਖ ਸੇਵਾ ਵੋਟਰ, 1.63 ਕਰੋੜ ਨੌਜਵਾਨ ਵੋਟਰ (20-29 ਸਾਲ) ਅਤੇ ਲਗਭਗ 14.01 ਲੱਖ ਪਹਿਲੀ ਵਾਰ ਵੋਟਰ (18-19 ਸਾਲ) ਵੀ ਸ਼ਾਮਲ ਹਨ। ਇਹ ਸਾਰੇ ਅੰਕੜੇ 30 ਸਤੰਬਰ, 2025 ਤੱਕ ਦੇ ਹਨ।

