- ਦੁਸ਼ਯੰਤ ਚੌਟਾਲਾ ਨੇ ਸਰਕਾਰੀ ਗੱਡੀਆਂ ਕੀਤੀਆਂ ਵਾਪਸ
- ਉੱਪ ਮੁੱਖ ਮੰਤਰੀ ਸਮੇਤ ਪੂਰੀ ਕੈਬਨਿਟ ਦੇ ਸਕਦੀ ਹੈ ਅਸਤੀਫਾ
ਚੰਡੀਗੜ੍ਹ, 12 ਮਾਰਚ 2024 – ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ ਯਾਨੀ ਜੇਜੇਪੀ ਦਾ ਗਠਜੋੜ ਲਗਪਗ ਟੁੱਟ ਗਿਆ ਹੈ। ਇਸ ਦਾ ਸਿਰਫ਼ ਐਲਾਨ ਹੋਣਾ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਜੇਪੀ ਹਰਿਆਣਾ ‘ਚ 1 ਤੋਂ 2 ਲੋਕ ਸਭਾ ਸੀਟਾਂ ਦੀ ਮੰਗ ਕਰ ਰਹੀ ਸੀ, ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੂਬਾਈ ਸੰਗਠਨ ਸਾਰੀਆਂ 10 ਸੀਟਾਂ ‘ਤੇ ਖੁਦ ਚੋਣ ਲੜਨ ਦੇ ਹੱਕ ‘ਚ ਹਨ। ਇਹੀ ਗਠਜੋੜ ਟੁੱਟਣ ਦਾ ਕਾਰਨ ਹੈ।
ਜੇਜੇਪੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੋਮਵਾਰ ਨੂੰ ਦਿੱਲੀ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸੀਐਮ ਮਨੋਹਰ ਲਾਲ ਖੱਟਰ ਨੇ ਸੋਮਵਾਰ ਰਾਤ ਨੂੰ ਅਤੇ ਮੰਗਲਵਾਰ ਸਵੇਰੇ 11 ਵਜੇ ਚੰਡੀਗੜ੍ਹ ਵਿੱਚ ਐਮਰਜੈਂਸੀ ਮੀਟਿੰਗ ਬੁਲਾਈ। ਇਸ ਵਿੱਚ ਸਰਕਾਰ ਦਾ ਸਮਰਥਨ ਕਰਨ ਵਾਲੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਆਜ਼ਾਦ ਵਿਧਾਇਕਾਂ ਨੇ ਹਿੱਸਾ ਲਿਆ।
ਭਾਜਪਾ ਦੇ ਹਮਲਾਵਰ ਰੁਖ ਨੂੰ ਦੇਖਦੇ ਹੋਏ ਦੁਸ਼ਯੰਤ ਚੌਟਾਲਾ ਦਿੱਲੀ ਪਹੁੰਚ ਗਏ ਹਨ। ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਦੂਜੇ ਪਾਸੇ ਰਾਜ ਭਵਨ ਵਿੱਚ ਵੀ ਹਫੜਾ-ਦਫੜੀ ਦਾ ਮਾਹੌਲ ਹੈ। ਇੱਥੇ ਇੱਕ ਹਜ਼ਾਰ ਲੋਕਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਮੰਤਰੀ ਮੰਡਲ ਸਮੇਤ ਅਸਤੀਫਾ ਦੇ ਸਕਦੇ ਹਨ। ਇਸ ਤੋਂ ਬਾਅਦ ਨਵਾਂ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ।