ਨਵੀਂ ਦਿੱਲੀ, 21 ਜੂਨ 2024 – ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਸਾਲ 4 ਰਾਜਾਂ ਮਹਾਰਾਸ਼ਟਰ, ਝਾਰਖੰਡ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਤੱਕ ਜੇਪੀ ਨੱਡਾ ਨੂੰ ਪ੍ਰਧਾਨ ਬਣਾ ਕੇ ਰੱਖ ਸਕਦੀ ਹੈ। ਇਨ੍ਹਾਂ ਚੋਣਾਂ ਵਿੱਚ ਅਜੇ 6 ਮਹੀਨੇ ਬਾਕੀ ਹਨ।
ਨੱਡਾ ਕੇਂਦਰੀ ਮੰਤਰੀ ਵੀ ਹਨ, ਇਸ ਲਈ ਕਿਸੇ ਵੀ ਜਨਰਲ ਸਕੱਤਰ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਚਲਾਉਣ ਲਈ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਸਕਦਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਦੀ ਰੇਸ ‘ਚ ਸੁਨੀਲ ਬਾਂਸਲ ਅਤੇ ਵਿਨੋਦ ਤਾਵੜੇ ਦੇ ਨਾਂ ਸਭ ਤੋਂ ਅੱਗੇ ਹਨ।
ਨੱਡਾ ਦਾ ਕਾਰਜਕਾਲ ਇਸ ਸਾਲ ਜਨਵਰੀ ‘ਚ ਖਤਮ ਹੋ ਗਿਆ ਸੀ। ਲੋਕ ਸਭਾ ਚੋਣਾਂ ਲਈ ਜੂਨ ਤੱਕ ਉਨ੍ਹਾਂ ਦਾ ਸਮਾਂ ਵਧਾ ਦਿੱਤਾ ਗਿਆ ਸੀ। ਪਾਰਟੀ ਨੇ ਜੁਲਾਈ ਵਿਚ ਨਵੇਂ ਪ੍ਰਧਾਨ ਦੀ ਚੋਣ ਕਰਨੀ ਸੀ। ਪਰ ਭਾਜਪਾ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਜਥੇਬੰਦਕ ਚੋਣਾਂ ਹੁੰਦੀਆਂ ਹਨ। ਇਸ ਵਿੱਚ 6 ਮਹੀਨੇ ਲੱਗਦੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਜਿਸ ਨੂੰ ਵੀ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੇਗੀ, ਉਸ ਨੂੰ ਭਵਿੱਖ ਵਿਚ ਪੂਰਣ ਪ੍ਰਧਾਨ ਬਣਾਇਆ ਜਾ ਸਕਦਾ ਹੈ। ਕਿਉਂਕਿ ਪਾਰਟੀ ਪ੍ਰਧਾਨ ਦਾ ਕਾਰਜਕਾਲ 3 ਸਾਲ ਦਾ ਹੁੰਦਾ ਹੈ।
ਇਸ ਲਈ ਨਵਾਂ ਪ੍ਰਧਾਨ ਅਕਤੂਬਰ-ਨਵੰਬਰ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ, 2026 ਦੀਆਂ ਪੱਛਮੀ ਬੰਗਾਲ ਅਤੇ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਲੋੜੀਂਦੇ ਸਮੇਂ ਵਿੱਚ ਆਪਣੀ ਨਵੀਂ ਟੀਮ ਬਣਾ ਸਕਦਾ ਹੈ।
ਇਸ ਦੇ ਨਾਲ ਹੀ ਜਦੋਂ 2028 ‘ਚ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਦਾ ਸਮਾਂ ਆਵੇਗਾ ਤਾਂ 2029 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕਰੀਬ ਡੇਢ ਸਾਲ ਦਾ ਸਮਾਂ ਮਿਲੇਗਾ।
ਭਾਜਪਾ ਦੇ ਸੰਵਿਧਾਨ ਵਿਚ ਇਕ ਵਿਅਕਤੀ, ਇਕ ਅਹੁਦੇ ਦੀ ਵਿਵਸਥਾ ਹੈ, ਇਸ ਲਈ ਨੱਡਾ ਕੇਂਦਰੀ ਮੰਤਰੀ ਹੁੰਦਿਆਂ ਪੂਰਾ ਸਮਾਂ ਰਾਸ਼ਟਰੀ ਪ੍ਰਧਾਨ ਨਹੀਂ ਰਹਿ ਸਕਦੇ। ਇਸ ਲਈ ਪਾਰਟੀ ਇਸ ਤਕਨੀਕੀ ਪੱਖ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਕੇ ਹੱਲ ਕਰ ਸਕਦੀ ਹੈ। 2019 ਤੋਂ ਬਾਅਦ ਵੀ ਭਾਜਪਾ ਨੇ ਅਮਿਤ ਸ਼ਾਹ ਨੂੰ ਪ੍ਰਧਾਨ ਬਣਾਇਆ ਸੀ ਅਤੇ ਨੱਡਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ।