ਮੁੰਬਈ, 19 ਦਸੰਬਰ 2024 – ਮਹਾਰਾਸ਼ਟਰ ਦੇ ਮੁੰਬਈ ‘ਚ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਜਾ ਰਹੀ ਨੀਲਕਮਲ ਕਿਸ਼ਤੀ ਜਲ ਸੈਨਾ ਦੇ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਸਮੁੰਦਰ ਵਿੱਚ ਡੁੱਬ ਗਈ। ਇਸ ਹਾਦਸੇ ‘ਚ ਕਿਸ਼ਤੀ ‘ਤੇ ਸਵਾਰ 4 ਜਲ ਸੈਨਾ ਦੇ ਜਵਾਨ ਅਤੇ 9 ਨਾਗਰਿਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ 80 ਲੋਕਾਂ ਦੀ ਸਮਰੱਥਾ ਵਾਲੀ ਨੀਲਕਮਲ ਕਿਸ਼ਤੀ ‘ਚ 20 ਬੱਚਿਆਂ ਸਮੇਤ 110 ਦੇ ਕਰੀਬ ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 101 ਨੂੰ ਬਚਾ ਲਿਆ ਗਿਆ ਹੈ।
ਇਹ ਹਾਦਸਾ ਬੁੱਧਵਾਰ ਦੁਪਹਿਰ ਕਰੀਬ 3:55 ਵਜੇ ਉਰਨ ਨੇੜੇ ਵਾਪਰਿਆ। ਮੁੰਬਈ ਤੋਂ ਐਲੀਫੈਂਟਾ ਗੁਫਾਵਾਂ ਨੂੰ ਜਾਂਦੇ ਸਮੇਂ ਅਰਬ ਸਾਗਰ ‘ਚ ਬੁਚਰ ਆਈਲੈਂਡ ਨੇੜੇ ਜਲ ਸੈਨਾ ਦੀ ਗਸ਼ਤੀ ਸਪੀਡ ਬੋਟ ਨੇ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਿਸ਼ਤੀ ਪਾਣੀ ਨਾਲ ਭਰੀ ਅਤੇ ਡੁੱਬ ਗਈ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ 8:25 ‘ਤੇ ਵਿਧਾਨ ਸਭਾ ਨੂੰ ਦੱਸਿਆ ਕਿ ਬਚਾਏ ਗਏ ਲੋਕਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਸੂਬਾ ਸਰਕਾਰ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਵੇਗੀ। ਪੁਲਿਸ ਅਤੇ ਜਲ ਸੈਨਾ ਮਿਲ ਕੇ ਹਾਦਸੇ ਦੀ ਜਾਂਚ ਕਰੇਗੀ।
ਜਾਣਕਾਰੀ ਮੁਤਾਬਕ ਜਲ ਸੈਨਾ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ), ਕੋਸਟ ਗਾਰਡ, ਯੈਲੋਗੇਟ ਥਾਣਾ 3 ਅਤੇ ਸਥਾਨਕ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਕੀਤੇ ਗਏ। ਜਲ ਸੈਨਾ ਦੀਆਂ 11 ਕਿਸ਼ਤੀਆਂ, ਮਰੀਨ ਪੁਲਿਸ ਦੀਆਂ 3 ਕਿਸ਼ਤੀਆਂ ਅਤੇ ਕੋਸਟ ਗਾਰਡ ਦੀ 1 ਕਿਸ਼ਤੀਆਂ ਬਚਾਅ ਕਾਰਜ ਵਿਚ ਸ਼ਾਮਲ ਸਨ। 4 ਹੈਲੀਕਾਪਟਰ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਯਾਤਰੀਆਂ ਨੂੰ ਗੇਟਵੇ ਆਫ ਇੰਡੀਆ ‘ਤੇ ਵਾਪਸ ਲਿਆਂਦਾ ਗਿਆ। ਜਿੱਥੋਂ ਉਸ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਨੇਵੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਪਤਾਨ ਕੰਟਰੋਲ ਗੁਆ ਬੈਠਾ ਅਤੇ ਜਹਾਜ਼ ਨੀਲਕਮਲ ਕਿਸ਼ਤੀ ਨਾਲ ਟਕਰਾ ਗਿਆ। ਜਲ ਸੈਨਾ ਦੇ ਚਾਰ ਹੈਲੀਕਾਪਟਰ, ਨੇਵੀ ਦੇ 11 ਜਹਾਜ਼, ਇੱਕ ਤੱਟ ਰੱਖਿਅਕ ਕਿਸ਼ਤੀ ਅਤੇ ਤਿੰਨ ਸਮੁੰਦਰੀ ਪੁਲਿਸ ਦੀਆਂ ਕਿਸ਼ਤੀਆਂ ਨੇ ਬਚਾਅ ਕਾਰਜ ਵਿੱਚ ਹਿੱਸਾ ਲਿਆ। ਨੇਵੀ ਅਤੇ ਸਿਵਲ ਜਹਾਜਾਂ ਨੇ ਲੋਕਾਂ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਇਸ ਹਾਦਸੇ ‘ਚ 13 ਲੋਕਾਂ ਦੀ ਜਾਨ ਚਲੀ ਗਈ ਹੈ। ਨੀਲਕਮਲ ਕਿਸ਼ਤੀ ਨਾਲ ਟਕਰਾਉਣ ਵਾਲੀ ਸਪੀਡਬੋਟ ‘ਚ ਜਲ ਸੈਨਾ ਦੇ 6 ਕਰਮਚਾਰੀ ਸਵਾਰ ਸਨ, ਜਿਨ੍ਹਾਂ ‘ਚੋਂ 4 ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਇੱਕ ਨੇਵੀ ਕਰਮਚਾਰੀ ਅਤੇ ਦੋ OEM (ਅਸਲੀ ਉਪਕਰਣ ਨਿਰਮਾਤਾ) ਸ਼ਾਮਲ ਹਨ। ਜਦਕਿ ਇੱਕ ਜਲ ਸੈਨਾ ਦਾ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੈ।