- ਧਮਾਕਿਆਂ ਦੀ ਆਵਾਜ਼ 3 ਕਿਲੋਮੀਟਰ ਦੂਰ ਤੱਕ ਦਿੱਤੀ ਸੁਣਾਈ
- ਸਰਕਾਰ 5 ਲੱਖ ਰੁਪਏ ਮੁਆਵਜ਼ਾ ਦੇਵੇਗੀ
ਮਹਾਰਾਸ਼ਟਰ, 24 ਮਈ 2024 – ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਡੋਂਬੀਵਾਲੀ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਕੈਮੀਕਲ ਫੈਕਟਰੀ ਵਿੱਚ ਬਾਇਲਰ ਫਟਣ ਕਾਰਨ ਅੱਗ ਲੱਗ ਗਈ ਸੀ। ਇਸ ਹਾਦਸੇ ‘ਚ 9 ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਲੋਕ ਜ਼ਖਮੀ ਹੋ ਗਏ। ਧਮਾਕੇ ਤੋਂ ਬਾਅਦ ਆਸ-ਪਾਸ ਦੀਆਂ ਇਮਾਰਤਾਂ ਦੀਆਂ CCTV ਵੀ ਸਾਹਮਣੇ ਆਈਆਂ ਹਨ। ਮਰਨ ਵਾਲਿਆਂ ਵਿੱਚ 6 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ। ਪਰ ਉਨ੍ਹਾਂ ਦੀਆਂ ਲਾਸ਼ਾਂ ਇੰਨੀਆਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਇਹ ਫੈਕਟਰੀ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ ਦੇ ਕੈਂਪਸ ਯਾਨੀ MIDC ਫੇਜ਼-2 ਵਿੱਚ ਸਥਿਤ ਹੈ।
ਕਲਿਆਣ ਦੇ ਤਹਿਸੀਲਦਾਰ ਸਚਿਨ ਸ਼ੇਜਲ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫੈਕਟਰੀ ਦੇ ਅਹਾਤੇ ਵਿੱਚ ਅਜੇ ਵੀ ਹੋਰ ਲਾਸ਼ਾਂ ਹੋ ਸਕਦੀਆਂ ਹਨ। ਮਲਬਾ ਹਟਾਇਆ ਜਾ ਰਿਹਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਲਗਾਤਾਰ ਤਿੰਨ ਛੋਟੇ ਧਮਾਕੇ ਹੋਏ। ਆਵਾਜ਼ ਐਨੀ ਉੱਚੀ ਸੀ ਕਿ ਉਨ੍ਹਾਂ ਨੂੰ ਲਗਭਗ 3 ਕਿਲੋਮੀਟਰ ਤੱਕ ਸੁਣਿਆ ਗਿਆ। ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ਿਆਂ ਵਿੱਚ ਤਰੇੜਾਂ ਆ ਗਈਆਂ। ਇਸ ਦੇ ਨਾਲ ਹੀ ਧਮਾਕੇ ਕਾਰਨ ਆਸ-ਪਾਸ ਦੇ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਹ ਧਮਾਕੇ ਐਨੇ ਜ਼ਬਰਦਸਤ ਸੀ ਕਿ ਇਸ ਨੇ ਕੈਮੀਕਲ ਫੈਕਟਰੀ ਦੇ ਆਲੇ-ਦੁਆਲੇ ਦੀਆਂ ਕਈ ਫੈਕਟਰੀਆਂ ਨੂੰ ਪ੍ਰਭਾਵਿਤ ਕੀਤਾ। ਫ਼ੈਕਟਰੀ ਮਾਲਕਾਂ ਮਾਲਤੀ ਪ੍ਰਦੀਪ ਮਹਿਤਾ ਅਤੇ ਮਲਾਈ ਪ੍ਰਦੀਪ ਮਹਿਤਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸੂਬੇ ਦੇ ਉਦਯੋਗ ਮੰਤਰੀ ਉਦੈ ਸਾਮੰਤ ਅਨੁਸਾਰ ਇਹ ਫੈਕਟਰੀ ਬੰਦ ਕਰ ਦਿੱਤੀ ਗਈ ਸੀ। ਮਰਨ ਵਾਲੇ ਜ਼ਿਆਦਾਤਰ ਲੋਕ ਨੇੜੇ ਦੀ ਫੈਕਟਰੀ ਦੇ ਸਨ। ਹਾਦਸੇ ਦੇ ਸਮੇਂ ਉਹ ਉੱਥੇ ਕੰਮ ਕਰ ਰਹੇ ਸੀ। ਰਾਜ ਦੇ ਉਦਯੋਗ ਅਤੇ ਕਿਰਤ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਫੈਕਟਰੀ ਵਿੱਚ ਬਾਇਲਰ ਭਾਰਤੀ ਬਾਇਲਰ ਐਕਟ 1950 ਦੇ ਤਹਿਤ ਰਜਿਸਟਰਡ ਨਹੀਂ ਸੀ।
ਦੂਜੇ ਪਾਸੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਕੈਮੀਕਲ ਫੈਕਟਰੀ ਦੇ ਆਲੇ-ਦੁਆਲੇ ਫੈਕਟਰੀਆਂ ਵਿੱਚ ਕੁਝ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਸਾਡੀ ਤਰਜੀਹ ਉਨ੍ਹਾਂ ਲੋਕਾਂ ਨੂੰ ਬਚਾਉਣਾ ਹੈ। ਮਹਾਰਾਸ਼ਟਰ ਸਰਕਾਰ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਖਮੀਆਂ ਦੇ ਇਲਾਜ ਦੀ ਜ਼ਿੰਮੇਵਾਰੀ ਲਈ ਹੈ।