ਗੁਰਦਾਸਪੁਰ, 7 ਜਨਵਰੀ 2023 – ਪਾਕਿਸਤਾਨ ਨੇ ਭਾਰਤੀ ਸਰਹੱਦ ‘ਚ ਦਾਖਲ ਹੋਣ ‘ਤੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਮਾਰੇ ਗਏ ਘੁਸਪੈਠੀਏ ਦੀ ਲਾਸ਼ ਵਾਪਸ ਲੈ ਲਈ ਹੈ। ਪਿਛਲੇ ਦਿਨ ਹੀ ਪਾਕਿ ਰੇਂਜਰਾਂ ਨੇ ਲਾਸ਼ ਦੀ ਸ਼ਨਾਖਤ ਦੀ ਗੱਲ ਕੀਤੀ ਸੀ ਅਤੇ ਲਾਸ਼ ਵਾਪਸ ਮੰਗੀ ਸੀ। ਕੌਮਾਂਤਰੀ ਸਰਹੱਦ ‘ਤੇ ਹੋਈ ਮੀਟਿੰਗ ਦੌਰਾਨ ਦੇਰ ਰਾਤ ਲਾਸ਼ ਨੂੰ ਪਾਕਿ ਰੇਂਜਰਾਂ ਹਵਾਲੇ ਕਰ ਦਿੱਤਾ ਗਿਆ।
ਗੌਰਤਲਬ ਹੈ ਕਿ 3 ਜਨਵਰੀ ਨੂੰ ਸਵੇਰੇ 8 ਵਜੇ ਬੀਐਸਐਫ ਦੀ 73 ਬਟਾਲੀਅਨ ਦੇ ਜਵਾਨਾਂ ਨੇ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਬੀਓਪੀ ਚੰਨਾ ਰਾਮਦਾਸ ਨੇੜੇ ਗਸ਼ਤ ਦੌਰਾਨ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਸੀ। ਮਾਰੇ ਗਏ ਘੁਸਪੈਠੀਏ ਦੀ ਪਛਾਣ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਦਾਊਦ ਦੇ ਰਹਿਣ ਵਾਲੇ ਐਮਡੀ ਇਦਰੀਸ਼ ਵਜੋਂ ਹੋਈ ਹੈ। ਦੋ ਦਿਨ ਬਾਅਦ ਘੁਸਪੈਠੀਏ ਦੀ ਪਛਾਣ ਹੋਣ ਤੋਂ ਬਾਅਦ ਹੁਣ ਪਾਕਿ ਰੇਂਜਰਾਂ ਨੇ ਲਾਸ਼ ਵਾਪਸ ਮੰਗ ਲਈ ਹੈ। ਪਾਕਿ ਰੇਂਜਰਾਂ ਨੇ ਸ਼ੁੱਕਰਵਾਰ ਨੂੰ ਹੀ ਮਾਰੇ ਗਏ ਘੁਸਪੈਠੀਏ ਦੇ ਦਸਤਾਵੇਜ਼ ਬੀਐਸਐਫ ਨੂੰ ਸੌਂਪ ਦਿੱਤੇ ਸਨ।
ਮਾਰੇ ਜਾਣ ਤੋਂ ਬਾਅਦ ਬੀਐਸਐਫ ਦੇ ਜਵਾਨ ਜਦੋਂ ਲਾਸ਼ ਦੇ ਨੇੜੇ ਗਏ ਤਾਂ ਉਸ ਕੋਲੋਂ ਇੱਕ ਪੰਪ ਗੰਨ ਅਤੇ 12 ਬੋਰ ਦੇ 5 ਰੌਂਦ ਬਰਾਮਦ ਹੋਏ। ਜਿਹਨਾਂ ਨੂੰ ਬੀਐਸਐਫ ਨੇ ਕਬਜ਼ੇ ‘ਚ ਕਰ ਲਿਆ ਸੀ। ਇਸ ਤੋਂ ਇਲਾਵਾ ਮਾਰੇ ਗਏ ਘੁਸਪੈਠੀਏ ਕੋਲੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਹ ਅਜੇ ਵੀ ਰਹੱਸ ਬਣਿਆ ਹੋਇਆ ਹੈ ਕਿ ਪਾਕਿਸਤਾਨੀ ਘੁਸਪੈਠੀਏ ਭਾਰਤੀ ਸਰਹੱਦ ਦੇ ਅੰਦਰ ਹਥਿਆਰ ਲੈ ਕੇ ਕੀ ਕਰਨ ਆਏ ਸਨ।
ਪਿਛਲੇ ਸਾਲ 2022 ਵਿੱਚ ਬੀਐਸਐਫ ਨੇ 2 ਘੁਸਪੈਠੀਆਂ ਨੂੰ ਮਾਰ ਮੁਕਾਇਆ ਸੀ। ਜਦਕਿ 22 ਭਾਰਤੀ ਸਰਹੱਦ ਪਾਰ ਕਰਦੇ ਫੜੇ ਗਏ ਸਨ। ਇੰਨਾ ਹੀ ਨਹੀਂ 9 ਪਾਕਿਸਤਾਨੀ ਨਾਗਰਿਕ ਜੋ ਗਲਤੀ ਨਾਲ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ‘ਤੇ ਪਹੁੰਚ ਗਏ ਸਨ, ਨੂੰ 24 ਤੋਂ 48 ਘੰਟਿਆਂ ਦੇ ਅੰਦਰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ।