ਮੁੰਬਈ, 14 ਅਪ੍ਰੈਲ 2024 – ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਹਮਲਾਵਰ ਬਾਈਕ ‘ਤੇ ਸਵਾਰ ਹੋ ਕੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਆਏ ਸਨ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਘਟਨਾ ਸਵੇਰੇ 4.55 ਵਜੇ ਦੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਸਲਮਾਨ ਖਾਨ ਘਰ ਵਿੱਚ ਹੀ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਸੂਤਰਾਂ ਮੁਤਾਬਕ 2-3 ਰਾਊਂਡ ਫਾਇਰਿੰਗ ਹੋਈ। ਮੁੰਬਈ ਕ੍ਰਾਈਮ ਬ੍ਰਾਂਚ ਅਤੇ ਏਟੀਐਸ ਦੀ ਟੀਮ ਮੌਕੇ ‘ਤੇ ਪਹੁੰਚ ਰਹੀ ਹੈ। ਬਾਂਦਰਾ ਵਿੱਚ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਤਿੰਨ ਰਾਉਂਡ ਫਾਇਰਿੰਗ ਕੀਤੀ ਗਈ ਹੈ। ਬਦਮਾਸ਼ ਹਵਾ ‘ਚ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਫਿਲਹਾਲ ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕਾ ਹੈ। ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਉਸਨੇ ਖੁੱਲ੍ਹ ਕੇ ਕਿਹਾ ਸੀ ਕਿ ਉਸਦੀ ਜ਼ਿੰਦਗੀ ਦਾ ਉਦੇਸ਼ ਸਲਮਾਨ ਖਾਨ ਨੂੰ ਮਾਰਨਾ ਸੀ। ਉਨ੍ਹਾਂ ਨੇ ਅਦਾਕਾਰ-ਗਾਇਕ ਗਿੱਪੀ ਗਰੇਵਾਲ ਦੀ ਕੈਨੇਡਾ ਸਥਿਤ ਰਿਹਾਇਸ਼ ‘ਤੇ ਵੀ ਹਮਲਾ ਕੀਤਾ ਸੀ ਅਤੇ ਕਿਹਾ ਸੀ ਕਿ ਸਲਮਾਨ ਖਾਨ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧਾਂ ਕਾਰਨ ਇਹ ਹਮਲਾ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਦੀ ਧਮਕੀ ਤੋਂ ਬਾਅਦ ਮੁੰਬਈ ਪੁਲਸ ਨੇ ਸਲਮਾਨ ਖਾਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਸੀ।

ਲਾਰੇਂਸ ਬਿਸ਼ਨੋਈ ਦੀ ਧਮਕੀ ਮਿਲਣ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਉਸਨੂੰ ਮਹਾਰਾਸ਼ਟਰ ਸਰਕਾਰ ਤੋਂ Y+ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ। ਜੂਨ 2022 ਵਿੱਚ ਸਲਮਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ ਸਲਮਾਨ ਦਾ ਉਹੀ ਹਾਲ ਹੋਵੇਗਾ ਜੋ ਸਿੱਧੂ ਮੂਸੇਵਾਲਾ ਦਾ ਹੋਇਆ ਸੀ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਪੁਲਿਸ ਦੇ ਕਰਮਚਾਰੀ ਸਲਮਾਨ ਦੇ ਨਾਲ ਰਹਿੰਦੇ ਸਨ ਪਰ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਨੂੰ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਸੁਰੱਖਿਆ ਘੇਰੇ ‘ਚ 11 ਸਿਪਾਹੀ ਹਰ ਸਮੇਂ ਸਲਮਾਨ ਦੇ ਨਾਲ ਰਹਿੰਦੇ ਹਨ, ਜਿਨ੍ਹਾਂ ‘ਚ ਇਕ-ਦੋ ਕਮਾਂਡੋ ਅਤੇ 2 ਪੀ.ਐੱਸ.ਓ. ਸਲਮਾਨ ਦੀ ਗੱਡੀ ਦੇ ਅੱਗੇ ਅਤੇ ਪਿੱਛੇ ਹਮੇਸ਼ਾ ਦੋ ਗੱਡੀਆਂ ਹੁੰਦੀਆਂ ਹਨ। ਇਸ ਦੇ ਨਾਲ ਹੀ ਸਲਮਾਨ ਦੀ ਕਾਰ ਵੀ ਪੂਰੀ ਤਰ੍ਹਾਂ ਨਾਲ ਬੁਲੇਟਪਰੂਫ ਹੈ।
