ਮੱਧ ਪ੍ਰਦੇਸ਼, 5 ਦਸੰਬਰ 2022 – ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਜਿਸ ਵਿੱਚ ਇੱਕ ਬੱਸ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਲੋਕਾਂ ‘ਤੇ ਜਾ ਚੜ੍ਹੀ। ਇਹ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਹੈ। ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਬੱਸ ਡਰਾਈਵਰ ਨੂੰ ਜਿਵੇਂ ਹੀ ਉਹ ਟਰੈਫਿਕ ਸਿਗਨਲ ਨੇੜੇ ਪਹੁੰਚਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਬੱਸ ਸਿਗਨਲ ‘ਤੇ ਨਹੀਂ ਰੁਕੀ। ਜਦੋਂ ਤੱਕ ਲੋਕ ਕੁਝ ਸਮਝਦੇ, ਬੱਸ ਸਾਹਮਣੇ ਮੌਜੂਦ ਆਟੋ, ਬਾਈਕ ਅਤੇ ਸਕੂਟੀ ਸਵਾਰਾਂ ਨੂੰ ਕੁਚਲਦੀ ਹੋਈ ਅੱਗੇ ਵਧ ਗਈ।
ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿੱਚ ਬੱਸ ਡਰਾਈਵਰ ਨੂੰ ਕਥਿਤ ਤੌਰ ‘ਤੇ ਡਰਾਈਵਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਲਾਲ ਟ੍ਰੈਫਿਕ ਸਿਗਨਲ ‘ਤੇ ਇੱਕ ਬੱਸ ਦੇ ਦੂਜੇ ਵਾਹਨਾਂ ਨਾਲ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।
ਇਹ ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਜ਼ਿਲੇ ਦੇ ਗੋਹਲਪੁਰ ਥਾਣਾ ਖੇਤਰ ਦੇ ਦਮੋਹ ਨਾਕਾ ਇਲਾਕੇ ‘ਚ ਵਾਪਰੀ। ਮ੍ਰਿਤਕਾਂ ਦੀ ਪਛਾਣ ਲੱਡੂ ਪ੍ਰਸਾਦ ਗੌੜ (60) ਅਤੇ ਬੱਸ ਡਰਾਈਵਰ ਹਰਦੇਵ ਸਿੰਘ (60) ਵਜੋਂ ਹੋਈ ਹੈ। ਸਬ-ਇੰਸਪੈਕਟਰ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਦਮੋਹ ਨਾਕੇ ‘ਤੇ ਲਾਲ ਸਿਗਨਲ ‘ਤੇ ਬੱਸ (ਐਮਪੀ 20 ਪੀਏ 0764) ਨੇ ਇੱਕ ਆਟੋ ਰਿਕਸ਼ਾ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਛੇ ਵਿਅਕਤੀ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਜ਼ਿਲੇ ਦੇ ਮੈਟਰੋ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ‘ਚ ਦੇਰ ਰਾਤ ਇਲਾਜ ਦੌਰਾਨ ਜ਼ਖਮੀਆਂ ‘ਚੋਂ ਇਕ ਵਿਅਕਤੀ ਦੀ ਮੌਤ ਹੋ ਗਈ।
ਐਸਆਈ ਸਿੰਘ ਨੇ ਅੱਗੇ ਕਿਹਾ, “ਮੁਢਲੀ ਜਾਂਚ ਵਿੱਚ, ਇਹ ਸਾਹਮਣੇ ਆਇਆ ਹੈ ਕਿ ਬੱਸ ਡਰਾਈਵਰ ਨੂੰ ਡਰਾਈਵਿੰਗ ਕਰਦੇ ਸਮੇਂ ਦਿਲ ਦਾ ਦੌਰਾ ਪਿਆ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਸਿਗਨਲ ‘ਤੇ ਵਾਹਨਾਂ ਨਾਲ ਟਕਰਾ ਗਈ।”