ਝਾਰਖੰਡ, 29 ਮਈ 2025 – ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਵਿਆਹ ਸਮਾਗਮ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਤੇਜ਼ ਰਫ਼ਤਾਰ ਬੱਸ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਇਸ ਹਾਦਸੇ ਦਾ ਪਤਾ ਲੱਗਣ ‘ਤੇ ਘਟਨਾ ਵਾਲੀ ਥਾਂ ‘ਤੇ ਹਫ਼ੜਾ-ਦਫ਼ੜੀ ਮੱਚ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਵੀਰਵਾਰ ਨੂੰ ਦਿੱਤੀ ਗਈ ਹੈ।
ਤਰਹਾਸੀ ਪੁਲਸ ਸਟੇਸ਼ਨ ਦੇ ਇੰਚਾਰਜ ਨੀਰਜ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ 10 ਵਜੇ ਦੇ ਕਰੀਬ ਬੇਦਨੀ-ਪਦਮਾ ਰੋਡ ‘ਤੇ ਬ੍ਰਹਮਪੁਰਾ ਮੋਰ ਨੇੜੇ ਵਾਪਰੀ ਹੈ। ਉਨ੍ਹਾਂ ਕਿਹਾ, ”ਟਰੱਕ ਨਾਲ ਟੱਕਰ ਹੋ ਜਾਣ ਤੋਂ ਬਾਅਦ ਬੱਸ ਪਲਟ ਗਈ, ਜਿਸ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮੇਦਿਨੀਰਾਈ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।” ਲੈਸਲੀਗੰਜ ਦੇ ਸਬ-ਡਿਵੀਜ਼ਨਲ ਪੁਲਸ ਅਫ਼ਸਰ (ਐੱਸਡੀਪੀਓ) ਮਨੋਜ ਕੁਮਾਰ ਝਾਅ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਚੰਦਨ ਕੁਮਾਰ ਸਿੰਘ, ਵਿਕਾਸ ਕੁਮਾਰ ਸਿੰਘ, ਵਿਕਾਸ ਕੁਮਾਰ ਸਿੰਘ ਅਤੇ ਵਿੱਕੀ ਕੁਮਾਰ ਸਿੰਘ ਵਜੋਂ ਹੋਈ ਹੈ, ਜੋ ਕਿ ਚੁੰਕਾ ਪਿੰਡ ਦੇ ਵਸਨੀਕ ਹਨ।

