ਸੂਰਤ, 11 ਮਾਰਚ 2023 – ਸੂਰਤ ਦੇ ਸਰਥਾਣਾ ਇਲਾਕੇ ਵਿੱਚ ਵਾਪਰੇ ਦਰਦਨਾਕ ਹਾਦਸੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੀਏ ਦਾ ਵਿਦਿਆਰਥੀ ਬੀਆਰਟੀਐਸ ਰੂਟ ਪਾਰ ਕਰ ਰਿਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਨਾਲ ਆ ਰਹੀ ਐਂਬੂਲੈਂਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਵਿਦਿਆਰਥੀ ਕਰੀਬ 5 ਫੁੱਟ ਦੂਰ ਜਾ ਡਿੱਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸੂਰਤ ਦੇ ਸਰਥਾਨਾ ਜਕਤਨਾਕਾ ਸ਼ਿਆਮਧਾਮ ਮੰਦਰ ਦੇ ਪਿੱਛੇ ਸ਼ਿਵਾਏ ਹਾਈਟਸ ਦਾ ਰਹਿਣ ਵਾਲਾ ਅਨਿਲ ਰਾਜੇਸ਼ ਗੋਧਾਨੀ (21) ਅਹਿਮਦਾਬਾਦ ਵਿੱਚ ਸੀਏ ਦੀ ਪੜ੍ਹਾਈ ਕਰ ਰਿਹਾ ਸੀ। ਅਨਿਲ ਹੋਲੀ ਦੇ ਮੌਕੇ ‘ਤੇ ਘਰ ਆਇਆ ਅਤੇ ਆਪਣੇ ਦੋਸਤ ਦੇ ਘਰ ਹੋਲੀ ਖੇਡਣ ਚਲਾ ਗਿਆ। ਉਥੋਂ ਵਾਪਸ ਆਉਂਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਵਿਦਿਆਰਥੀ ਨੂੰ ਟੱਕਰ ਮਾਰਨ ਤੋਂ ਬਾਅਦ ਐਂਬੂਲੈਂਸ ਚਾਲਕ ਪੂਰੀ ਰਫਤਾਰ ਨਾਲ ਐਂਬੂਲੈਂਸ ਚਲਾ ਕੇ ਫਰਾਰ ਹੋ ਗਿਆ। ਹਾਲਾਂਕਿ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਲੈ ਕੇ ਐਂਬੂਲੈਂਸ ਡਰਾਈਵਰ ਦੀ ਪਛਾਣ ਕੀਤੀ ਅਤੇ ਸ਼ੁੱਕਰਵਾਰ ਸਵੇਰੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸਰਥਾਣਾ ਪੁਲੀਸ ਨੇ ਡਰਾਈਵਰ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।