- ਨਿੱਝਰ ਕਤਲ ਕੇਸ ‘ਚ ਗ੍ਰਿਫਤਾਰੀ ਉਨ੍ਹਾਂ ਦਾ ਅੰਦਰੂਨੀ ਮਾਮਲਾ
ਨਵੀਂ ਦਿੱਲੀ, 5 ਮਈ 2024 – ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ‘ਤੇ ਵੱਖ-ਵੱਖ ਦੋਸ਼ ਲਾਉਣਾ ਕੈਨੇਡਾ ਦੀ ਸਿਆਸੀ ਮਜਬੂਰੀ ਹੈ। ਉਥੇ ਅਗਲੇ ਸਾਲ ਚੋਣਾਂ ਹੋਣੀਆਂ ਹਨ, ਇਸ ਲਈ ਦੇਸ਼ ਵਿਚ ਵੋਟ ਬੈਂਕ ਦੀ ਰਾਜਨੀਤੀ ਚੱਲ ਰਹੀ ਹੈ। ਇਸ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ।
ਵਿਦੇਸ਼ ਮੰਤਰੀ ਨੇ ਇਹ ਗੱਲ ਭੁਵਨੇਸ਼ਵਰ ਵਿੱਚ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਹੀ। ਦਰਅਸਲ ਕੈਨੇਡਾ ‘ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ 3 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡੀਅਨ ਪੁਲਿਸ ਨੇ ਖਦਸ਼ਾ ਪ੍ਰਗਟਾਇਆ ਸੀ ਕਿ ਨਿੱਝਰ ਨੂੰ ਮਾਰਨ ਦਾ ਕੰਮ ਭਾਰਤ ਨੇ ਇਨ੍ਹਾਂ ਲੋਕਾਂ ਨੂੰ ਸੌਂਪਿਆ ਸੀ।
ਇਸ ‘ਤੇ ਜੈਸ਼ੰਕਰ ਨੇ ਕਿਹਾ, “ਅਸੀਂ ਗ੍ਰਿਫਤਾਰ ਭਾਰਤੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕੈਨੇਡਾ ਦਾ ਇੰਤਜ਼ਾਰ ਕਰ ਰਹੇ ਹਾਂ। ਸਾਨੂੰ ਦੱਸਿਆ ਗਿਆ ਹੈ ਕਿ ਇਹ ਤਿੰਨੋਂ ਕਿਸੇ ਨਾ ਕਿਸੇ ਗਿਰੋਹ ਨਾਲ ਸਬੰਧਤ ਹਨ। ਇਹ ਕੈਨੇਡਾ ਦਾ ਅੰਦਰੂਨੀ ਮਾਮਲਾ ਹੈ ਅਤੇ ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਿ ਸਕਦਾ।
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵਿਰੁੱਧ ਕੰਮ ਕਰਨ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਪਨਾਹ ਦਿੱਤੀ ਜਾਂਦੀ ਹੈ। ਖਾਸ ਤੌਰ ‘ਤੇ ਜਿਹੜੇ ਪੰਜਾਬ ਦੇ ਹਨ, ਉਹ ਕੈਨੇਡਾ ਤੋਂ ਚੱਲਦੇ ਹਨ। ਖਾਲਿਸਤਾਨ ਪੱਖੀ ਲੋਕ ਕੈਨੇਡੀਅਨ ਲੋਕਤੰਤਰ ਦੀ ਦੁਰਵਰਤੋਂ ਕਰ ਰਹੇ ਹਨ। ਅੱਜ ਉਹ ਕੈਨੇਡਾ ਦਾ ਵੋਟ ਬੈਂਕ ਬਣ ਗਏ ਹਨ। ਕੈਨੇਡਾ ਵਿੱਚ ਸੱਤਾਧਾਰੀ ਪਾਰਟੀ ਕੋਲ ਸੰਸਦ ਵਿੱਚ ਬਹੁਮਤ ਨਹੀਂ ਹੈ। ਅਜਿਹੇ ‘ਚ ਕਈ ਪਾਰਟੀਆਂ ਸੱਤਾ ‘ਚ ਆਉਣ ਲਈ ਖਾਲਿਸਤਾਨੀ ਸਮਰਥਕਾਂ ‘ਤੇ ਨਿਰਭਰ ਹਨ।
ਵਿਦੇਸ਼ ਮੰਤਰੀ ਨੇ ਕਿਹਾ, “ਅਸੀਂ ਕੈਨੇਡਾ ਨੂੰ ਕਈ ਵਾਰ ਕਿਹਾ ਹੈ ਕਿ ਅਜਿਹੇ ਲੋਕਾਂ ਨੂੰ ਵੀਜ਼ਾ ਨਾ ਦਿੱਤਾ ਜਾਵੇ, ਉਨ੍ਹਾਂ ਨੂੰ ਦੇਸ਼ ਦੀ ਰਾਜਨੀਤੀ ਵਿੱਚ ਸ਼ਾਮਲ ਨਾ ਕੀਤਾ ਜਾਵੇ। ਇਹ ਕੈਨੇਡਾ, ਭਾਰਤ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਮੁਸ਼ਕਲਾਂ ਪੈਦਾ ਕਰ ਰਹੇ ਹਨ। ਪਰ ਉਨ੍ਹਾਂ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ। ਇਸ ਦੇ ਲਈ ਭਾਰਤ ਨੇ 25 ਖਾਲਿਸਤਾਨ ਸਮਰਥਕਾਂ ਨੂੰ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਸੀ, ਪਰ ਉਹ ਇਸ ਲਈ ਵੀ ਸਹਿਮਤ ਨਹੀਂ ਹੋਏ।