ਯੂਪੀ, 19 ਮਾਰਚ 2024 – ਯੂਪੀ ਦੇ ਮਹਾਰਾਜਗੰਜ ਜ਼ਿਲ੍ਹੇ ‘ਚ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ‘ਚ ਵੱਡੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ, ਜਿਸ ‘ਚ ਘਰੇਲੂ ਸਾਮਾਨ ਅਤੇ ਗ੍ਰਾਂਟ ਦੇ ਲਾਲਚ ‘ਚ ਭੈਣ-ਭਰਾ ਦਾ ਵਿਆਹ ਕਰਵਾਇਆ ਗਿਆ ਸੀ। ਇਸ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ। ਲਕਸ਼ਮੀਪੁਰ ਦੇ ਬੀਡੀਓ ਦੀ ਰਿਪੋਰਟ ਦੇ ਆਧਾਰ ’ਤੇ ਡੀਡੀਓ ਨੇ ਗ੍ਰਾਮ ਪੰਚਾਇਤ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਭਰਾ-ਭੈਣ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਪਤੀ-ਪਤਨੀ ਦੀ ਵੈਰੀਫਿਕੇਸ਼ਨ ਵਿੱਚ ਅਣਗਹਿਲੀ ਕਾਰਨ ਮਨਰੇਗਾ ਦੇ ਤਕਨੀਕੀ ਸਹਾਇਕ ਨੂੰ ਬਲਾਕ ਤੋਂ ਹਟਾ ਕੇ ਜ਼ਿਲ੍ਹਾ ਹੈੱਡਕੁਆਰਟਰ ਨਾਲ ਨੱਥੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੀ.ਡੀ.ਪੀ.ਓ. ਨੇ ਵਿਆਹ ਵਿੱਚ ਦਿੱਤੇ ਘਰੇਲੂ ਸਮਾਨ ਨੂੰ ਵਾਪਸ ਮੰਗਵਾ ਲਿਆ ਹੈ ਅਤੇ 35,000 ਰੁਪਏ ਦੀ ਗਰਾਂਟ ਦੀ ਅਦਾਇਗੀ ਤੁਰੰਤ ਪ੍ਰਭਾਵ ਨਾਲ ਰੋਕਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਦੇ ਤਹਿਤ 5 ਮਾਰਚ ਨੂੰ ਲਕਸ਼ਮੀਪੁਰ ਬਲਾਕ ਵਿੱਚ 38 ਜੋੜਿਆਂ ਦਾ ਵਿਆਹ ਹੋਇਆ ਸੀ। ਇਸ ਵਿੱਚ ਲਕਸ਼ਮੀਪੁਰ ਇਲਾਕੇ ਦੇ ਇੱਕ ਪਿੰਡ ਦੀ ਇੱਕ ਲੜਕੀ ਦਾ ਨਾਂਅ ਵੀ ਰਜਿਸਟਰ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਪਤੀ ਕਮਾਉਣ ਲਈ ਘਰੋਂ ਬਾਹਰ ਗਿਆ ਹੋਇਆ ਸੀ। ਇਸ ਤੋਂ ਬਾਅਦ ਵੀ ਵਿਚੋਲਿਆਂ ਨੇ ਲੜਕੀ ਨੂੰ ਦੁਬਾਰਾ ਵਿਆਹ ਲਈ ਤਿਆਰ ਕੀਤਾ ਪਰ ਬੁਲਾਇਆ ਗਿਆ ਲੜਕਾ ਨਹੀਂ ਆਇਆ। ਇਸ ਤੋਂ ਬਾਅਦ ਵਿਚੋਲਿਆਂ ਨੇ ਗਰਾਂਟ ਦੇ ਪੈਸੇ ਤੋਂ ਮਿਲਣ ਵਾਲੇ ਕਮਿਸ਼ਨ ਨੂੰ ਲੈ ਕੇ ਲੜਕੀ ਅਤੇ ਉਸ ਦੇ ਭਰਾ ਦਾ ਹੀ ਵਿਆਹ ਕਰਵਾ ਦਿੱਤਾ।