ਨਵੀਂ ਦਿੱਲੀ, 21 ਅਗਸਤ 2022 – ਸੀਬੀਆਈ ਨੇ ਦਿੱਲੀ ਵਿੱਚ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 14 ਲੋਕਾਂ ਖ਼ਿਲਾਫ਼ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ। ਸਰਕੂਲਰ ਵਿੱਚ ਉਨ੍ਹਾਂ ਮੁਲਜ਼ਮਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਖ਼ਿਲਾਫ਼ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ ਇਸ ‘ਚ ਮੁੰਬਈ ਦੀ ਐਂਟਰਟੇਨਮੈਂਟ ਈਵੈਂਟ ਮੈਨੇਜਮੈਂਟ ਕੰਪਨੀ ਦੇ ਸੀਈਓ ਵਿਜੇ ਨਾਇਰ ਦਾ ਨਾਂ ਸ਼ਾਮਲ ਨਹੀਂ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ ‘ਚ ਗ੍ਰਿਫਤਾਰੀ ਦੀ ਸੰਭਾਵਨਾ ਜਤਾਈ ਸੀ। ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਦਿੱਲੀ ‘ਚ ਸਿੱਖਿਆ ਦੇ ਖੇਤਰ ‘ਚ ਕੀਤੇ ਵੱਡੇ ਕੰਮ ‘ਤੇ ਰੋਕ ਲਗਾਉਣਾ ਚਾਹੁੰਦੀ ਹੈ, ਇਸ ਲਈ 2-4 ਦਿਨਾਂ ‘ਚ ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸੀਬੀਆਈ ਨੇ ਸਿਸੋਦੀਆ ਸਮੇਤ 14 ਲੋਕਾਂ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਇਸ ਲੁਕਆਊਟ ਸਰਕੂਲਰ ਨੂੰ ਸਿਸੋਦੀਆ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣ ਇਹ ਲੋਕ ਦੇਸ਼ ਛੱਡ ਕੇ ਨਹੀਂ ਜਾ ਸਕਣਗੇ ਅਤੇ ਜੇਕਰ ਉਨ੍ਹਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਿਰਾਸਤ ‘ਚ ਵੀ ਲਿਆ ਜਾ ਸਕਦਾ ਹੈ।
ਸੀਬੀਆਈ ਵੱਲੋਂ ਜਾਰੀ ਸਰਕੂਲਰ ਵਿੱਚ ਮੁੰਬਈ ਸਥਿਤ ਐਂਟਰਟੇਨਮੈਂਟ ਇਵੈਂਟ ਮੈਨੇਜਮੈਂਟ ਕੰਪਨੀ ਦੇ ਸੀਈਓ ਵਿਜੇ ਨਾਇਰ ਦਾ ਨਾਂ ਸ਼ਾਮਲ ਨਹੀਂ ਹੈ। ਦਰਅਸਲ ਵਿਜੇ ਨਾਇਰ ਆਪਣੇ ਨਿੱਜੀ ਕੰਮ ਲਈ ਦੇਸ਼ ਤੋਂ ਬਾਹਰ ਹਨ। ਸ਼ਨੀਵਾਰ ਨੂੰ ਨਾਇਰ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਮੈਂ ਦੇਸ਼ ਤੋਂ ਭੱਜਿਆ ਨਹੀਂ ਸਗੋਂ ਆਪਣੇ ਨਿੱਜੀ ਕੰਮ ਤੋਂ ਬਾਹਰ ਆਇਆ ਹਾਂ।
ਨਾਇਰ ਨੇ ਕਿਹਾ ਕਿ ਮੁੰਬਈ ਸਥਿਤ ਮੇਰੇ ਘਰ ‘ਤੇ ਸ਼ੁੱਕਰਵਾਰ ਨੂੰ ਛਾਪਾ ਮਾਰਿਆ ਗਿਆ। ਮੈਂ ਆਪਣੀ ਰਿਹਾਇਸ਼ ‘ਤੇ ਮੌਜੂਦ ਸੀਬੀਆਈ ਅਧਿਕਾਰੀ ਨਾਲ ਫ਼ੋਨ ‘ਤੇ ਗੱਲ ਕੀਤੀ। ਮੈਂ ਉਸਨੂੰ ਪੁੱਛਿਆ ਕਿ ਕੀ ਮੈਨੂੰ ਆਉਣ ਦੀ ਲੋੜ ਹੈ। ਉਸਨੇ ਮੈਨੂੰ ਦੱਸਿਆ ਕਿ ਆਲੋਕ ਨਾਮ ਦਾ ਕੋਈ ਸੀਬੀਆਈ ਅਧਿਕਾਰੀ ਮੇਰੇ ਨਾਲ ਸੰਪਰਕ ਕਰੇਗਾ ਅਤੇ ਮੈਨੂੰ ਸੂਚਿਤ ਕਰੇਗਾ ਕਿ ਕਦੋਂ ਅਤੇ ਕਿੱਥੇ ਰਿਪੋਰਟ ਕਰਨੀ ਹੈ। ਮੈਨੂੰ ਨਾ ਤਾਂ ਕੋਈ ਨੋਟਿਸ ਮਿਲਿਆ ਹੈ ਅਤੇ ਨਾ ਹੀ ਆਲੋਕ ਦਾ ਕੋਈ ਕਾਲ ਆਇਆ ਹੈ। ਇਹ ਕਹਿਣਾ ਗਲਤ ਹੈ ਕਿ ਮੈਂ ਫਰਾਰ ਹਾਂ। ਸੀਬੀਆਈ ਦੇ ਨੋਟਿਸ ‘ਤੇ ਪੂਰਾ ਸਹਿਯੋਗ ਕਰਾਂਗਾ।