ਤਾਮਿਲਨਾਡੂ, 13 ਅਪ੍ਰੈਲ 2024 – ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕੇਂਦਰ ਸਰਕਾਰ ‘ਤੇ ਤਾਮਿਲਨਾਡੂ ਦੇ ਵਪਾਰਕ ਪ੍ਰੋਜੈਕਟਾਂ ਨੂੰ ਗੁਜਰਾਤ ਵਿੱਚ ਤਬਦੀਲ ਕਰਨ ਦਾ ਦੋਸ਼ ਲਾਇਆ ਹੈ। ਸਟਾਲਿਨ ਨੇ ਸ਼ੁੱਕਰਵਾਰ ਨੂੰ ਇਕ ਰੈਲੀ ‘ਚ ਕਿਹਾ ਕਿ ਇਕ ਵੱਡੀ ਕੰਪਨੀ ਕੋਇੰਬਟੂਰ ‘ਚ 6 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਸੀ ਪਰ ਕੰਪਨੀ ਨੂੰ ਧਮਕੀ ਦੇ ਕੇ ਇਸ ਪ੍ਰਾਜੈਕਟ ਨੂੰ ਗੁਜਰਾਤ ‘ਚ ਸ਼ਿਫਟ ਕਰ ਦਿੱਤਾ ਗਿਆ।
ਸਟਾਲਿਨ ਨੇ ਕਿਹਾ ਕਿ ਮੈਂ ਭਾਜਪਾ ਦੀ ਤਿੱਖੀ ਆਲੋਚਨਾ ਕਰਦਾ ਹਾਂ। ਜਿਸ ਪ੍ਰੋਜੈਕਟ ਦੀ ਮੈਂ ਗੱਲ ਕਰ ਰਿਹਾ ਹਾਂ, ਉਹ ਤਾਮਿਲਨਾਡੂ ਦੀ ਇੱਕ ਕੰਪਨੀ ਦਾ ਸੀ। ਸਾਡੀ ਸਰਕਾਰ ਨੇ ਇਸ ਸਬੰਧੀ ਕੰਪਨੀ ਨਾਲ ਗੱਲਬਾਤ ਪੂਰੀ ਕਰ ਲਈ ਸੀ। ਪਰ ਫਿਰ ਕੰਪਨੀ ਦੇ ਮਾਲਕ ਨੂੰ ਧਮਕਾਇਆ ਗਿਆ ਅਤੇ ਨਿਵੇਸ਼ ਗੁਜਰਾਤ ਵਿੱਚ ਹੋ ਗਿਆ। ਇਹ ਭਾਜਪਾ ਦਾ ਕੋਇੰਬਟੂਰ ਲਈ ਝੂਠਾ ਪਿਆਰ ਹੈ।
ਇਸ ਤੋਂ ਇਲਾਵਾ ਸਟਾਲਿਨ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਨੋਟਬੰਦੀ ਅਤੇ ਫਿਰ ਜੀਐਸਟੀ ਲਾਗੂ ਕਰਕੇ ਕੋਇੰਬਟੂਰ ਨੂੰ ਦੋ ਵੱਡੇ ਝਟਕੇ ਦਿੱਤੇ ਹਨ। ਪਹਿਲਾਂ ਨੋਟਬੰਦੀ ਕਰਕੇ ਗਰੀਬਾਂ ਦੀਆਂ ਜੇਬਾਂ ਵਿੱਚੋਂ ਪੈਸਾ ਕੱਢਿਆ ਅਤੇ ਫਿਰ ਜੀਐਸਟੀ ਲਾਗੂ ਕੀਤਾ। ਇਸ ਨਾਲ ਸ਼ਹਿਰ ਦੇ ਕਾਰੋਬਾਰ ਨੂੰ ਕਾਫੀ ਨੁਕਸਾਨ ਹੋਇਆ ਹੈ।
ਸਟਾਲਿਨ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਦੇਸ਼ ਲਈ ਦੂਜੇ ਆਜ਼ਾਦੀ ਸੰਘਰਸ਼ ਵਾਂਗ ਹੈ। ਇਸ ਵਿੱਚ INDIA ਅਲਾਇੰਸ ਦੀ ਪਾਰਟੀ ਕਾਂਗਰਸ ਦੀ ਭੂਮਿਕਾ ਬਹੁਤ ਅਹਿਮ ਹੋਣ ਵਾਲੀ ਹੈ। ਸਟਾਲਿਨ ਨੇ ਕਿਹਾ ਕਿ ਡੀਐਮਕੇ ਇਸ ਦੂਜੇ ਆਜ਼ਾਦੀ ਸੰਘਰਸ਼ ਲਈ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਡੀਐਮਕੇ ਨੇ ਚੁਣੌਤੀ ਭਰੇ ਸਮੇਂ ਵਿੱਚ ਹਮੇਸ਼ਾ ਕਾਂਗਰਸ ਦਾ ਸਮਰਥਨ ਕੀਤਾ ਹੈ।
ਮੈਂ ਤਾਮਿਲਨਾਡੂ ਵਿੱਚ ਰਾਹੁਲ ਦੀ ਭਾਰਤ ਜੋੜੋ ਨਿਆ ਯਾਤਰਾ ਵਿੱਚ ਹਿੱਸਾ ਲਿਆ। ਜਦੋਂ ਯਾਤਰਾ ਮੁੰਬਈ ਵਿੱਚ ਸਮਾਪਤ ਹੋਈ ਤਾਂ ਮੈਂ ਵੀ ਉੱਥੇ ਮੌਜੂਦ ਸੀ। ਕਾਂਗਰਸ ਦਾ ਮੈਨੀਫੈਸਟੋ ਇਸ ਚੋਣ ਦਾ ਹੀਰੋ ਹੈ। ਸਮਾਜਿਕ ਨਿਆਂ ਦੇ ਉਹ ਸਾਰੇ ਪਹਿਲੂ ਜਿਨ੍ਹਾਂ ਬਾਰੇ ਡੀਐਮਕੇ ਨੇ ਹਮੇਸ਼ਾ ਗੱਲ ਕੀਤੀ ਹੈ, ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹਨ।