ਉੱਤਰਾਖੰਡ, 10 ਜੁਲਾਈ 2024 – ਉੱਤਰਾਖੰਡ ‘ਚ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹਾਲਾਤ ਖਰਾਬ ਹਨ। ਬੁੱਧਵਾਰ ਨੂੰ ਸੂਬੇ ਦੇ ਚਮੋਲੀ ਜ਼ਿਲੇ ‘ਚ ਪਾਤਾਲਗੰਗਾ ਲੰਗਸੀ ਸੁਰੰਗ ‘ਤੇ ਪਹਾੜ ਦਾ ਵੱਡਾ ਹਿੱਸਾ ਡਿੱਗ ਗਿਆ। ਇਸ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਸਾਹਮਣੇ ਆਇਆ ਹੈ। ਸੁਰੰਗ ਨੇੜੇ ਸੜਕ ‘ਤੇ ਮਲਬਾ ਡਿੱਗਣ ਕਾਰਨ ਜੋਸ਼ੀਮਠ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ।
ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹਲਦਵਾਨੀ, ਬਨਬਾਸਾ, ਤਨਕਪੁਰ, ਸਿਤਾਰਗੰਜ ਅਤੇ ਖਟੀਮਾ ਵਿੱਚ ਹਾਲਤ ਸਭ ਤੋਂ ਖਰਾਬ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸਿਸਟਮ ਨੇ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਦੋ ਰਾਸ਼ਟਰੀ ਰਾਜਮਾਰਗ ਅਤੇ 200 ਤੋਂ ਵੱਧ ਪੇਂਡੂ ਸੜਕਾਂ ਅਜੇ ਵੀ ਬੰਦ ਹਨ।
ਮੌਸਮ ਵਿਭਾਗ ਨੇ ਅੱਜ 3 ਰਾਜਾਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼, ਸਿੱਕਮ, ਪੱਛਮੀ ਬੰਗਾਲ ਸ਼ਾਮਲ ਹਨ। ਯੂਪੀ, ਬਿਹਾਰ, ਅਸਾਮ, ਮੇਘਾਲਿਆ ਅਤੇ ਗੋਆ ਵਿੱਚ ਆਰੇਂਜ ਅਲਰਟ ਹੈ। ਇਨ੍ਹਾਂ ਰਾਜਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ, ਉੜੀਸਾ, ਕਰਨਾਟਕ ਅਤੇ ਤੇਲੰਗਾਨਾ ‘ਚ ਯੈਲੋ ਅਲਰਟ ਹੈ। ਇਹਨਾਂ ਰਾਜਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਗਰਜ ਦੇ ਨਾਲ ਬੂੰਦਾਬਾਂਦੀ ਹੋ ਸਕਦੀ ਹੈ।