- ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ਦੀ ਸਥਿਤੀ ਦੇ ਆਧਾਰ ‘ਤੇ ਲਿਆ ਜਾਵੇਗਾ ਫੈਸਲਾ
ਨਵੀਂ ਦਿੱਲੀ, 22 ਅਗਸਤ 2023 – ਚੰਦਰਯਾਨ-3 ਕੋਲ ਦੱਖਣੀ ਧਰੁਵ ‘ਤੇ ਲੈਂਡਿੰਗ ਦਾ ਪਹਿਲਾ ਮੌਕਾ 23 ਅਗਸਤ ਨੂੰ ਹੈ। ਜੇਕਰ ਚੰਦਰਯਾਨ-3 ਦੇ ਲੈਂਡਰ ਮਾਡਿਊਲ ਸਬੰਧੀ ਕੋਈ ਵੀ ਕਾਰਕ ਨਿਸ਼ਚਿਤ ਪੈਮਾਨੇ ‘ਤੇ ਨਹੀਂ ਰਹਿੰਦਾ ਹੈ, ਤਾਂ ਚੰਦਰਮਾ ‘ਤੇ ਚੰਦਰਯਾਨ-3 ਦੀ ਲੈਂਡਿੰਗ 27 ਅਗਸਤ ਨੂੰ ਕੀਤੀ ਜਾਵੇਗੀ। ਇਸਰੋ ਦੇ ਅਹਿਮਦਾਬਾਦ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਨੀਲੇਸ਼ ਐਮ ਦੇਸਾਈ ਨੇ ਇਹ ਜਾਣਕਾਰੀ ਦਿੱਤੀ ਹੈ।
ਦੇਸਾਈ ਨੇ ਸੋਮਵਾਰ ਨੂੰ ਸਮਾਚਾਰ ਏਜੰਸੀ ਏਐਨਆਈ ਨੂੰ ਦੱਸਿਆ ਕਿ 23 ਅਗਸਤ ਨੂੰ ਚੰਦਰਯਾਨ-3 ਦੇ ਚੰਦਰਮਾ ‘ਤੇ ਉਤਰਨ ਤੋਂ ਦੋ ਘੰਟੇ ਪਹਿਲਾਂ, ਅਸੀਂ ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ਦੀ ਸਥਿਤੀ ਦੇ ਆਧਾਰ ‘ਤੇ ਇਹ ਫੈਸਲਾ ਕਰਾਂਗੇ ਕਿ ਉਸ ਸਮੇਂ ਉਤਰਨਾ ਉਚਿਤ ਹੋਵੇਗਾ ਜਾਂ ਨਹੀਂ। ਜੇਕਰ ਕੋਈ ਸਮੱਸਿਆ ਨਹੀਂ ਆਈ ਤਾਂ ਅਸੀਂ 23 ਅਗਸਤ ਨੂੰ ਹੀ ਉਤਰਾਂਗੇ।
ਇਸਰੋ ਦੇ ਚੇਅਰਮੈਨ ਅਤੇ ਪੁਲਾੜ ਵਿਭਾਗ ਦੇ ਸਕੱਤਰ ਐਸ ਸੋਮਨਾਥ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ‘ਚੰਦਰਯਾਨ-3’ ਦੀ ਸਥਿਤੀ ਅਤੇ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਰੂਸ ਦਾ ਲੂਨਾ-25 ਪੁਲਾੜ ਯਾਨ ਕਰੈਸ਼ ਹੋ ਗਿਆ ਹੈ। ਹੁਣ ਜੇਕਰ ਭਾਰਤ ਦਾ ਚੰਦਰਯਾਨ-3 ਮਿਸ਼ਨ ਸਫਲ ਹੁੰਦਾ ਹੈ ਤਾਂ ਇਹ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਚੰਦਰਯਾਨ-3 ਨੂੰ 23 ਅਗਸਤ ਨੂੰ ਸ਼ਾਮ 6:04 ਵਜੇ 25 ਕਿਲੋਮੀਟਰ ਦੀ ਉਚਾਈ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਚੰਦਰਯਾਨ-3 ਦਾ ਦੂਜਾ ਅਤੇ ਆਖ਼ਰੀ ਡੀਬੂਸਟਿੰਗ ਆਪ੍ਰੇਸ਼ਨ ਐਤਵਾਰ ਰਾਤ 1.50 ਵਜੇ ਪੂਰਾ ਹੋ ਗਿਆ। ਇਸ ਆਪਰੇਸ਼ਨ ਤੋਂ ਬਾਅਦ ਚੰਦਰਮਾ ਤੋਂ ਲੈਂਡਰ ਦੀ ਘੱਟੋ-ਘੱਟ ਦੂਰੀ 25 ਕਿਲੋਮੀਟਰ ਅਤੇ ਵੱਧ ਤੋਂ ਵੱਧ ਦੂਰੀ 134 ਕਿਲੋਮੀਟਰ ਹੈ। ਡੀਬੂਸਟਿੰਗ ਵਿੱਚ, ਪੁਲਾੜ ਯਾਨ ਦੀ ਗਤੀ ਹੌਲੀ ਹੋ ਜਾਂਦੀ ਹੈ।