ਹਿਮਾਚਲ ਪ੍ਰਦੇਸ਼, 3 ਅਗਸਤ 2024 – ਹਿਮਾਚਲ ਪ੍ਰਦੇਸ਼ ‘ਚ ਸ਼ੁੱਕਰਵਾਰ (2 ਅਗਸਤ) ਨੂੰ ਫਿਰ ਬੱਦਲ ਫਟਿਆ। ਲਾਹੌਲ ਸਪਿਤੀ ਦੀ ਪਿਨ ਘਾਟੀ ਵਿੱਚ ਕੱਲ੍ਹ ਸ਼ਾਮ ਕਰੀਬ 6 ਵਜੇ ਬੱਦਲ ਫਟਣ ਕਾਰਨ ਹੜ੍ਹ ਆ ਗਿਆ ਸੀ। ਇਸ ਵਿੱਚ ਇੱਕ ਔਰਤ ਵਹਿ ਗਈ। ਪੁਲੀਸ ਨੇ ਦੇਰ ਸ਼ਾਮ ਔਰਤ ਦੀ ਲਾਸ਼ ਬਰਾਮਦ ਕਰ ਲਈ।
ਇਸ ਤੋਂ ਪਹਿਲਾਂ ਵੀਰਵਾਰ (1 ਅਗਸਤ) ਨੂੰ ਹਿਮਾਚਲ ‘ਚ 5 ਥਾਵਾਂ ‘ਤੇ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਸੀ। ਇਸ ‘ਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 46 ਲੋਕ ਲਾਪਤਾ ਹਨ। ਉਨ੍ਹਾਂ ਨੂੰ ਲੱਭਣ ਲਈ NDRF, SDRF, ਪੁਲਿਸ ਅਤੇ ਹੋਮਗਾਰਡ ਦੇ ਜਵਾਨ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਖੋਜ ਕਾਰਜਾਂ ਵਿੱਚ ਡਰੋਨਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ (IMD) ਨੇ ਸ਼ਨੀਵਾਰ (3 ਅਗਸਤ) ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਕੋਲਾਰ, ਤਵਾ, ਬਰਗੀ ਸਮੇਤ 9 ਵੱਡੇ ਡੈਮਾਂ ਦੇ ਗੇਟ ਖੋਲ੍ਹਣੇ ਪਏ।
ਛੱਤੀਸਗੜ੍ਹ ਦੇ ਧਮਤਰੀ ਦਾ ਗੰਗਰੇਲ ਡੈਮ 86 ਫੀਸਦੀ ਭਰ ਗਿਆ ਹੈ। ਸ਼ੁੱਕਰਵਾਰ ਨੂੰ ਸੀਜ਼ਨ ‘ਚ ਪਹਿਲੀ ਵਾਰ ਸਾਰੇ 14 ਗੇਟ ਅੱਧੇ ਘੰਟੇ ਲਈ ਖੋਲ੍ਹੇ ਗਏ। ਇਸ ਦੌਰਾਨ ਮਹਾਨਦੀ ਵਿੱਚ ਹੜ੍ਹਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਵੀ ਕਰਵਾਈ ਗਈ।
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਝਾਰਖੰਡ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਰਾਜ ਸਰਕਾਰ ਨੇ ਅੱਜ ਸਾਰੇ ਨਿੱਜੀ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ, ਗੜ੍ਹਵਾ ਜ਼ਿਲ੍ਹੇ ਵਿੱਚ ਵੀ ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਇਨ੍ਹਾਂ 4 ਰਾਜਾਂ ਤੋਂ ਇਲਾਵਾ, IMD ਨੇ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਕੇਰਲ, ਪੱਛਮੀ ਬੰਗਾਲ, ਸਿੱਕਮ, ਅਸਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ ਵੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਰਾਜਸਥਾਨ ਦੇ ਭੀਲਵਾੜਾ, ਕੇਕਰੀ ਅਤੇ ਟੋਂਕ ਜ਼ਿਲ੍ਹਿਆਂ ਵਿੱਚ ਸ਼ਨੀਵਾਰ (3 ਅਗਸਤ) ਨੂੰ ਭਾਰੀ ਮੀਂਹ ਦੇ ਅਲਰਟ ਕਾਰਨ ਕੁਲੈਕਟਰਾਂ ਨੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਅਜਮੇਰ ਦੇ ਕਿਸ਼ਨਗੜ੍ਹ ਵਿੱਚ ਭਾਰੀ ਮੀਂਹ ਕਾਰਨ ਹਾਊਸਿੰਗ ਬੋਰਡ ਕਲੋਨੀ ਦੇ ਪਿੱਛੇ ਪਹਾੜੀ ਦਾ ਇੱਕ ਹਿੱਸਾ ਢਹਿ ਕੇ ਡਿੱਗ ਗਿਆ। ਸਵਾਈ ਮਾਧੋਪੁਰ ਵਿੱਚ ਇੱਕ ਘਰ ਢਹਿ ਗਿਆ।
ਅਸਾਮ ਵਿੱਚ ਹੜ੍ਹ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। 6 ਜ਼ਿਲ੍ਹਿਆਂ ਦੇ 18 ਹਜ਼ਾਰ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। ਇਸ ਸਾਲ ਹੁਣ ਤੱਕ ਸੂਬੇ ‘ਚ ਹੜ੍ਹ, ਤੂਫਾਨ, ਬਿਜਲੀ ਡਿੱਗਣ ਅਤੇ ਜ਼ਮੀਨ ਖਿਸਕਣ ਕਾਰਨ 116 ਲੋਕਾਂ ਦੀ ਜਾਨ ਜਾ ਚੁੱਕੀ ਹੈ।