- ਮਲਾਨਾ ਵਿੱਚ ਬਿਜਲੀ ਪ੍ਰਾਜੈਕਟ ਦਾ ਬੰਨ੍ਹ ਟੁੱਟਿਆ
ਹਿਮਾਚਲ ਪ੍ਰਦੇਸ਼, 1 ਅਗਸਤ 2024 – ਹਿਮਾਚਲ ਪ੍ਰਦੇਸ਼ ‘ਚ ਬੀਤੀ ਰਾਤ ਹੋਈ ਭਾਰੀ ਬਾਰਿਸ਼ ਤੋਂ ਬਾਅਦ 3 ਥਾਵਾਂ ‘ਤੇ ਬੱਦਲ ਫਟਣ ਦੀ ਖ਼ਬਰ ਹੈ। ਕੁੱਲੂ, ਮੰਡੀ ਅਤੇ ਰਾਮਪੁਰ ਵਿੱਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਮਲਾਨਾ ਵਿੱਚ ਪਾਵਰ ਪ੍ਰੋਜੈਕਟ 1 ਦਾ ਬੰਨ੍ਹ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ।
ਰਾਮਪੁਰ ਦੇ ਸਮੇਜ ਖੱਡ ਵਿੱਚ ਬੱਦਲ ਫਟਣ ਨਾਲ ਸਮੇਜ ਪਿੰਡ ਦੇ ਕਈ ਘਰ ਵਹਿ ਗਏ। ਹੁਣ ਤੱਕ 2 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ, ਜਦਕਿ 51 ਲੋਕ ਲਾਪਤਾ ਹਨ। SDRF ਅਤੇ NDRF ਦੀਆਂ ਟੀਮਾਂ ਨੇ ਖੋਜ ਅਤੇ ਬਚਾਅ ਸ਼ੁਰੂ ਕਰ ਦਿੱਤਾ ਹੈ।
ਬੁੱਧਵਾਰ ਰਾਤ ਉੱਤਰਾਖੰਡ ਦੇ ਕੇਦਾਰਨਾਥ ਅਤੇ ਟਿਹਰੀ ਗੜ੍ਹਵਾਲ ਦੇ ਘਨਸਾਲੀ ਵਿੱਚ ਵੀ ਬੱਦਲ ਫਟ ਗਏ। ਇਸ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇੱਕ ਵਿਅਕਤੀ ਜ਼ਖਮੀ ਹੈ।
ਕੇਦਾਰਨਾਥ ਯਾਤਰਾ ਰੂਟ ‘ਤੇ 30 ਮੀਟਰ ਸੜਕ ਟੁੱਟ ਕੇ ਮੰਦਾਕਿਨੀ ‘ਚ ਜਾ ਡਿੱਗੀ। ਇੱਥੇ 200 ਤੋਂ ਵੱਧ ਲੋਕ ਫਸੇ ਹੋਏ ਹਨ। ਫਿਲਹਾਲ ਯਾਤਰਾ ਰੋਕ ਦਿੱਤੀ ਗਈ ਹੈ।
ਧਰਮਸ਼ਾਲਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਚਾਰ-ਪੰਜ ਦਿਨਾਂ ਤੱਕ ਸੂਬੇ ਵਿੱਚ ਮੀਂਹ ਜਾਰੀ ਰਹੇਗਾ। ਕੁੱਲੂ ਵਿੱਚ ਕਲੈਕਟਰ ਟੋਰੁਲ ਐਸ ਰਵੀਸ਼ ਨੇ ਭਾਰੀ ਮੀਂਹ ਤੋਂ ਬਾਅਦ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ 1 ਅਤੇ 2 ਅਗਸਤ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਿਮਲਾ ਦੇ ਰਾਮਪੁਰ ਸਥਿਤ ਸਮੇਜ ਖੱਡ ਵਿਖੇ ਖੋਜ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ।