- ਉਤਰਾਖੰਡ ਦੇ ਰੁਦਰਪ੍ਰਯਾਗ ਅਤੇ ਚਮੋਲੀ ਵਿੱਚ ਬੱਦਲ ਫਟਿਆ
ਦੇਹਰਾਦੂਨ, 29 ਅਗਸਤ 2025 – ਉਤਰਾਖੰਡ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਇੱਕ ਵਾਰ ਫਿਰ ਬੱਦਲ ਫਟਣ ਦੀਆਂ ਘਟਨਾਵਾਂ ਨੇ ਤਬਾਹੀ ਮਚਾ ਦਿੱਤੀ ਹੈ। ਵੀਰਵਾਰ ਅਤੇ ਸ਼ੁੱਕਰਵਾਰ ਦੀ ਵਿਚਕਾਰਲੀ ਰਾਤ ਨੂੰ ਰੁਦਰਪ੍ਰਯਾਗ ਜ਼ਿਲ੍ਹੇ ਦੀ ਬਾਸੁਕੇਦਾਰ ਤਹਿਸੀਲ ਅਤੇ ਚਮੋਲੀ ਜ਼ਿਲ੍ਹੇ ਦੇ ਦੇਵਾਲ ਖੇਤਰ ਵਿੱਚ ਬੱਦਲ ਫਟਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਦੋਵਾਂ ਥਾਵਾਂ ‘ਤੇ ਭਾਰੀ ਮੀਂਹ ਤੋਂ ਬਾਅਦ ਅਚਾਨਕ ਪਾਣੀ ਅਤੇ ਮਲਬੇ ਕਾਰਨ ਸਥਿਤੀ ਵਿਗੜ ਗਈ। ਕਈ ਸੜਕਾਂ ਬੰਦ ਹੋ ਗਈਆਂ ਹਨ ਅਤੇ ਕੁਝ ਪਰਿਵਾਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਸ ਦੌਰਾਨ 2 ਲੋਕਾਂ ਦੇ ਲਾਪਤਾ ਹੋਣ ਦਾ ਪਤਾ ਲੱਗਾ ਹੈ।
ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। SDRF, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਲਈ ਰਵਾਨਾ ਹੋ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਉੱਚੀਆਂ ਅਤੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।
ਰੁਦਰਪ੍ਰਯਾਗ ਅਤੇ ਚਮੋਲੀ ਦੋਵੇਂ ਜ਼ਿਲ੍ਹੇ ਚਾਰਧਾਮ ਯਾਤਰਾ ਰੂਟ ਦੇ ਮਹੱਤਵਪੂਰਨ ਹਿੱਸੇ ਹਨ। ਅਜਿਹੀ ਸਥਿਤੀ ਵਿੱਚ, ਲਗਾਤਾਰ ਹੋ ਰਹੀ ਬਾਰਿਸ਼ ਅਤੇ ਹੁਣ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਰੁਦਰਪ੍ਰਯਾਗ ਜ਼ਿਲ੍ਹੇ ਦੀਆਂ ਸੜਕਾਂ ਅਤੇ ਹਾਈਵੇਅ ਬੰਦ ਹੋ ਗਏ ਹਨ। ਇਸ ਤਬਾਹੀ ਦੇ ਵਾਪਰਨ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਇੱਥੇ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇਸ ਦੌਰਾਨ, ਰੁਦਰਪ੍ਰਯਾਗ ਜ਼ਿਲ੍ਹੇ ਦੇ ਸਿਰੋਬਗੜ੍ਹ, ਬਾਂਸਵਾੜਾ (ਸਿਆਲਸੌਰ) ਅਤੇ ਕੁੰਡ ਤੋਂ ਚੋਪਟਾ ਵਿਚਕਾਰ ਚਾਰ ਵੱਖ-ਵੱਖ ਥਾਵਾਂ ‘ਤੇ ਹਾਈਵੇਅ ਬੰਦ ਹੈ। ਰੁਦਰਪ੍ਰਯਾਗ ਅਤੇ ਚਮੋਲੀ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਦੀ ਜਾਣਕਾਰੀ ਉੱਤਰਾਖੰਡ ਦੇ ਮੁੱਖ ਮੰਤਰੀ ਨੇ X ‘ਤੇ ਪੋਸਟ ਕਰਕੇ ਸਾਂਝੀ ਕੀਤੀ।
