- ਈਸਾਈ ਭਾਈਚਾਰੇ ਦੀ ਮੰਗ ‘ਤੇ ਲਿਆ ਗਿਆ ਫੈਸਲਾ
- ਭਾਈਚਾਰੇ ਨੇ ਕਿਹਾ- ਐਤਵਾਰ ਨੂੰ ਚਰਚ ਜਾਣਾ ਜ਼ਰੂਰੀ
ਮਿਜ਼ੋਰਮ, 2 ਦਸੰਬਰ 2023 – ਮਿਜ਼ੋਰਮ ‘ਚ ਹੁਣ 3 ਦਸੰਬਰ ਦੀ ਬਜਾਏ 4 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਯਾਨੀ 1 ਦਸੰਬਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ ਦੀਆਂ 40 ਸੀਟਾਂ ‘ਤੇ 7 ਨਵੰਬਰ ਨੂੰ ਵੋਟਿੰਗ ਹੋਈ ਸੀ, ਜਿਸ ਦੀ ਗਿਣਤੀ 3 ਦਸੰਬਰ ਯਾਨੀ ਐਤਵਾਰ ਨੂੰ ਹੋਣੀ ਸੀ। ਜਿਸ ਦੇ ਵਿਰੋਧ ਵਿੱਚ ਐਨਜੀਓ ਕੋਆਰਡੀਨੇਸ਼ਨ ਕਮੇਟੀ (ਐਨ.ਜੀ.ਓ.ਸੀ.ਸੀ.), ਸੈਂਟਰਲ ਯੰਗ ਮਿਜ਼ੋ ਐਸੋਸੀਏਸ਼ਨ (ਸੀ.ਵਾਈ.ਐਮ.ਏ.) ਅਤੇ ਮਿਜ਼ੋ ਜਿਰਲਾਈ ਪਾਲ (ਐਮ.ਜ਼ੈਡ.ਪੀ.) ਵਰਗੀਆਂ ਜਥੇਬੰਦੀਆਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ।
ਦਰਅਸਲ, ਮਿਜ਼ੋਰਮ ਵਿੱਚ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰੇ ਦੇ ਲੋਕ ਰਹਿੰਦੇ ਹਨ। ਐਤਵਾਰ ਈਸਾਈਆਂ ਲਈ ਪਵਿੱਤਰ ਦਿਨ ਹੈ ਅਤੇ ਇਸਾਈ ਭਾਈਚਾਰਾ ਕਈ ਧਾਰਮਿਕ ਸਮਾਗਮ ਕਰਦਾ ਹੈ। ਇਸ ਲਈ ਮੰਗ ਕੀਤੀ ਜਾ ਰਹੀ ਸੀ ਕਿ ਇਸ ਦਿਨ ਸੂਬੇ ਵਿੱਚ ਵੋਟਾਂ ਦੀ ਗਿਣਤੀ ਨਾ ਕਰਵਾਈ ਜਾਵੇ। ਸੂਬੇ ਦੀ ਕੁੱਲ ਆਬਾਦੀ 11 ਲੱਖ ਦੇ ਕਰੀਬ ਹੈ, ਜਿਸ ਵਿੱਚੋਂ 9.56 ਲੱਖ ਈਸਾਈ ਹਨ।
ਧਰਨੇ ਲਗਾਤਾਰ ਜਾਰੀ ਸਨ। ਗਿਣਤੀ ਦੇ ਦਿਨ ਨੂੰ ਬਦਲਣ ਲਈ ਕਈ ਦਿਨਾਂ ਤੋਂ ਧਰਨੇ ਚੱਲ ਰਹੇ ਸਨ। ਸ਼ੁੱਕਰਵਾਰ (1 ਦਸੰਬਰ) ਨੂੰ ਇਨ੍ਹਾਂ ਲੋਕਾਂ ਨੇ ਰਾਜ ਭਵਨ ਨੇੜੇ ਰੈਲੀ ਕੀਤੀ। ਜਿਸ ਵਿੱਚ ਐਨ.ਜੀ.ਓ.ਸੀ.ਸੀ. ਦੇ ਚੇਅਰਮੈਨ ਲਲਮ ਚੁਆਣਾ ਨੇ ਚੋਣ ਕਮਿਸ਼ਨ ‘ਤੇ ਦੋਸ਼ ਲਾਇਆ ਕਿ ਸਿਆਸੀ ਪਾਰਟੀਆਂ, ਚਰਚਾਂ ਅਤੇ ਐਨ.ਜੀ.ਓਜ਼ ਨੇ ਗਿਣਤੀ ਦੀ ਤਰੀਕ ਬਦਲਣ ਲਈ ਚੋਣ ਕਮਿਸ਼ਨ ਨੂੰ ਕਈ ਵਾਰ ਅਪੀਲ ਕੀਤੀ, ਪਰ ਉਨ੍ਹਾਂ ਕੋਈ ਹੁੰਗਾਰਾ ਨਹੀਂ ਭਰਿਆ।
ਮਿਜ਼ੋਰਮ ਦੀਆਂ 40 ਵਿਧਾਨ ਸਭਾ ਸੀਟਾਂ ਲਈ 7 ਨਵੰਬਰ ਨੂੰ ਵੋਟਿੰਗ ਹੋਈ ਸੀ। ਸੂਬੇ ‘ਚ 77.04 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ ਮਤਦਾਨ ਸੇਰਛਿੱਪ ਵਿੱਚ 77.78% ਸੀ, ਜਦੋਂ ਕਿ ਸਭ ਤੋਂ ਘੱਟ 52.02% ਸੀਆਹਾ ਵਿੱਚ ਸੀ। ਆਈਜ਼ੌਲ ਵਿੱਚ 65.06% ਵੋਟਿੰਗ ਹੋਈ। ਮਿਜ਼ੋਰਮ ਵਿੱਚ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ 81.61% ਵੋਟਾਂ ਪਈਆਂ ਸਨ।
ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF), ਜ਼ੋਰਮ ਪੀਪਲਜ਼ ਮੂਵਮੈਂਟ (ZPM) ਅਤੇ ਕਾਂਗਰਸ ਨੇ ਸਾਰੀਆਂ 40 ਸੀਟਾਂ ‘ਤੇ ਚੋਣ ਲੜੀ ਸੀ। ਜਦਕਿ ਭਾਜਪਾ ਨੇ 23 ਅਤੇ ਆਮ ਆਦਮੀ ਪਾਰਟੀ ਨੇ 4 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ। 27 ਲੋਕਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਹੁਣ ਨਤੀਜੇ 4 ਦਸੰਬਰ ਨੂੰ ਆਉਣਗੇ।