- ਸੁਰੱਖਿਆ ਦੇ ਮੱਦੇਨਜ਼ਰ ਲਿਆ ਫ਼ੈਸਲਾ
ਚੰਡੀਗੜ੍ਹ, 9 ਮਈ 2025 – ਭਾਰਤ ਵਲੋਂ ਕੀਤੇ ਗਏ ‘ਆਪਰੇਸ਼ਨ ਸਿੰਦੂਰ’ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਮਾਹੌਲ ਲਗਾਤਾਰ ਤਣਾਅਪੂਰਨ ਬਣਿਆ ਹੋਇਆ ਹੈ। ਇਸ ਦਰਮਿਆਨ ਪਾਕਿਸਤਾਨ ਵਲੋਂ ਬੀਤੀ ਰਾਤ ਪੰਜਾਬ ‘ਚ ਹਵਾਈ ਹਮਲੇ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪੰਜਾਬ ਸਣੇ ਚੰਡੀਗੜ੍ਹ ਅਤੇ ਮੋਹਾਲੀ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਦੇ ਮੱਦੇਨਜ਼ਰ ਸੀ. ਟੀ. ਯੂ. ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਆਪਣੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ।
ਸੀ. ਟੀ. ਯੂ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਸੀ. ਟੀ. ਯੂ. ਵਲੋਂ ਜੰਮੂ ਅਤੇ ਕਟੜਾ ਜਾਣ ਵਾਲੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੰਮੂ ਅਤੇ ਕਟੜਾ ਜਾਣ ਵਾਲੀਆਂ ਸਵਾਰੀਆਂ ਨੂੰ ਸੀ. ਟੀ. ਯੂ. ਦੀਆਂ ਬੱਸਾਂ ਵਲੋਂ ਮੁਕੇਰੀਆਂ ‘ਚ ਹੀ ਉਤਾਰਿਆ ਜਾ ਰਿਹਾ ਹੈ।
ਇਹ ਵੀ ਦੱਸ ਦੇਈਏ ਕਿ ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਚੰਡੀਗੜ੍ਹ ਤੋਂ ਜੰਮੂ ਅਤੇ ਕਟੜਾ ਲਈ ਬੱਸਾਂ ਜਾਂਦੀਆਂ ਹਨ। ਬੀਤੀ ਸ਼ਾਮ ਜੋ ਬੱਸ ਗਈ ਸੀ, ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਸ ਨੂੰ ਪਠਾਨਕੋਟ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੀ. ਟੀ. ਯੂ. ਨੇ ਇਸ ਰੂਟ ‘ਤੇ ਬੱਸਾਂ ਬੰਦ ਕਰ ਦਿੱਤੀਆਂ ਹਨ।

