ਨਵੀਂ ਦਿੱਲੀ, 25 ਮਈ 2022 – ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ 20 ਲੱਖ ਮੀਟ੍ਰਿਕ ਟਨ ਸੋਇਆਬੀਨ ਤੇਲ ਅਤੇ ਸੂਰਜਮੁਖੀ ਤੇਲ ਦੀ ਦਰਾਮਦ ‘ਤੇ ਦੋ ਸਾਲਾਂ ਲਈ ਕਸਟਮ ਡਿਊਟੀ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਅਤੇ ਵਿਕਾਸ ਸੈੱਸ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਹ ਸੈੱਸ ਫਿਲਹਾਲ 5 ਫੀਸਦੀ ਹੈ।
ਇਸ ਫੈਸਲੇ ਨਾਲ ਰਸੋਈ ਦਾ ਤੇਲ ਸਸਤਾ ਹੋਣ ਦੀ ਉਮੀਦ ਹੈ। ਤੇਲ ਦੀ ਦਰਾਮਦ ‘ਤੇ ਦਿੱਤੀ ਗਈ ਛੋਟ 31 ਮਾਰਚ 2024 ਤੱਕ ਲਾਗੂ ਰਹੇਗੀ। ਖਾਣ ਵਾਲੇ ਤੇਲ ਦਾ ਮਹਿੰਗਾਈ ਵਿੱਚ ਵੱਡਾ ਯੋਗਦਾਨ ਹੈ ਅਤੇ ਖਾਣ ਵਾਲੇ ਤੇਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ 15 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।
ਵਿੱਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਵਿੱਤੀ ਸਾਲ 2022-23 ਅਤੇ 2023-24 ‘ਚ ਸਾਲਾਨਾ 20 ਲੱਖ ਟਨ ਕੱਚੇ ਸੋਇਆਬੀਨ ਅਤੇ ਸੂਰਜਮੁਖੀ ਤੇਲ ‘ਤੇ ਦਰਾਮਦ ਟੈਕਸ ਨਹੀਂ ਲਗਾਇਆ ਜਾਵੇਗਾ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਇੱਕ ਟਵੀਟ ਵਿੱਚ ਲਿਖਿਆ, ਇਸ ਫੈਸਲੇ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ।
ਦੱਸਣਯੋਗ ਹੈ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਸਰਕਾਰ ਨੇ ਪਿਛਲੇ ਹਫਤੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਸੀ। ਇਸ ਦੇ ਨਾਲ ਹੀ ਸਟੀਲ ਅਤੇ ਪਲਾਸਟਿਕ ਉਦਯੋਗ ‘ਚ ਵਰਤੇ ਜਾਣ ਵਾਲੇ ਕੁਝ ਕੱਚੇ ਮਾਲ ‘ਤੇ ਦਰਾਮਦ ਡਿਊਟੀ ਹਟਾਉਣ ਦਾ ਵੀ ਫੈਸਲਾ ਕੀਤਾ ਗਿਆ।
ਖਾਣ ਵਾਲੇ ਤੇਲ ਦੀ ਕੀਮਤ – 2016 ਵਿੱਚ=====ਅਤੇ=====2022 ਵਿੱਚ
ਸਰ੍ਹੋਂ ਦਾ ਤੇਲ – 109/kg==============180/kg
ਰਿਫਾਇੰਡ ਤੇਲ – 83/ਕਿਲੋਗ੍ਰਾਮ==========186/ਕਿਲੋਗ੍ਰਾਮ
ਮੂੰਗਫਲੀ ਦਾ ਤੇਲ – 133/kg============= 210/kg
ਸੂਰਜਮੁਖੀ ਦਾ ਤੇਲ – 94/kg============== 214/kg
ਭਾਰਤ ਨੇ ਪਾਮ ਤੇਲ ਅਤੇ ਸੋਇਆਬੀਨ ਤੇਲ ਸਮੇਤ ਜ਼ਿਆਦਾਤਰ ਖਾਣ ਵਾਲੇ ਤੇਲ ‘ਤੇ ਆਧਾਰ ਦਰਾਮਦ ਟੈਕਸ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜਮ੍ਹਾਂਖੋਰੀ ਨੂੰ ਰੋਕਣ ਲਈ ਵਸਤੂਆਂ ਦੀ ਸੀਮਾ ਵੀ ਲਗਾਈ ਗਈ ਹੈ। ਰੂਸ ਦੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਕੌਮਾਂਤਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ‘ਚ ਤੇਜ਼ੀ ਆਈ ਹੈ।